550ਸਾਲਾ ਸਮਾਗਮ ਨਵੇਂ ਦਰਬਾਰ ਹਾਲ 'ਚ ਕਰਨ ਲਈ ਗੁ. ਚਰਨ ਕਮਲ ਸਾਹਿਬ ਦੀ ਸੰਗਤ ਵੱਲੋਂ ਹਰੀ ਝੰਡੀ
ਮਲੋਟ (ਆਰਤੀ ਕਮਲ):- ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਸਮਾਗਮ ਦੌਰਾਨ ਸੰਗਤ ਵੱਲੋਂ ਆਉਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਲਈ ਨਵੇਂ ਦਰਬਾਰ ਹਾਲ ਦੀ ਉਸਾਰੀ ਮੁਕੰਮਲ ਕਰਨ ਸਬੰਧੀ ਵਿਚਾਰ ਕੀਤੀ ਗਈ ਅਤੇ ਸੰਗਤ ਨੇ ਜੈਕਾਰਿਆਂ ਨਾਲ ਕੰਮ ਨੂੰ ਮੁਕੰਮਲ ਕਰਨ ਲਈ ਹਰੀ ਝੰਡੀ ਦੇ ਦਿੱਤੀ। ਬਾਬਾ ਬਲਜੀਤ ਸਿੰਘ ਨੇ ਗੁਰੂਘਰ ਦੀ ਮੁੱਖ ਸੰਗਤ ਅਤੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਦਰਬਾਰ ਹਾਲ ਦੇ ਲੈਂਟਰ ਦੀ ਜਲਦੀ ਸ਼ੁਰੂਆਤ ਕਰਕੇ ਇਸਨੂੰ ਮੁਕੰਮਲ ਕਰਨ ਲਈ ਪੂਰੀ ਸੰਗਤ ਦਾ ਤਨ ਮਨ ਧਨ ਨਾਲ ਸਹਿਯੋਗ ਜਰੂਰੀ ਹੈ । ਇਸ ਤੋਂ ਪਹਿਲਾਂ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗਤ ਨੂੰ ਹਮੇਸ਼ਾਂ ਗੁਰੂ ਕੋਲ ਆ ਕੇ ਸਰਬੱਤ ਦਾ ਭਲਾ ਮੰਗਨਾ ਚਾਹੀਦਾ ਹੈ ਕਿਉਂਕਿ ਸੁੱਖਾਂ ਦੀ ਪ੍ਰਾਪਤੀ ਨਿੱਜੀ ਮੰਗਾਂ ਨਾਲ ਨਹੀ ਹੁੰਦੀ । ਬਾਬਾ ਜੀ ਨੇ ਕਿਹਾ ਕਿ ਅਗਰ ਸਾਰੀ ਲੁਕਾਈ ਦੇ ਦੁਖ ਦੂਰ ਹੋ ਜਾਣ ਤੇ ਸੱਭ ਪਾਸੇ ਪਿਆਰ ਵਿਸ਼ਵਾਸ਼ ਦਾ ਪਸਾਰਾ ਹੋਵੇ ਤਾਂ ਆਪਣੇ ਦੁਖ ਆਪੇ ਹੀ ਦੂਰ ਹੋ ਜਾਣਗੇ । ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਾਵਣ ਦਾ ਮਹੀਨਾ ਬਹੁਤ ਪਵਿੱਤਰ ਮਹੀਨਾ ਮੰਨਿਆ ਗਿਆ ਹੈ ਕਿਉਂਕਿ ਇਸ ਮਹੀਨੇ ਵਰਖਾ ਹੋਣ ਨਾਲ ਕੁਦਰਤ ਆਪਣਾ ਸ਼ਿੰਗਾਰ ਕਰਦੀ ਹੈ ਅਤੇ ਹਰ ਪਾਸੇ ਹਰਿਆਵਲ ਹੁੰਦੀ ਹੈ । ਉਹਨਾਂ ਸੰਗਤ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਵੀ ਸਾਂਭ ਸੰਭਾਲ ਕਰਨ ਦੀ ਪ੍ਰੇਰਨਾ ਕੀਤੀ ।