27 ਨਵੰਬਰ 2019 ਨੂੰ ਮਲੋਟ ਵਿਖੇ ਹੋਵੇਗਾ ‘ਗੁਰੂ ਨਾਨਕ ਉਤਸਵ’ ਅਜਾਇਬ ਸਿੰਘ ਭੱਟੀ

,

ਮਲੋਟ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ‘ਗੁਰੂ ਨਾਨਕ ਉਤਸਵ’ ਮਲੋਟ ਦੀ ਦਾਣਾ ਮੰਡੀ ਵਿਖੇ 27 ਨਵੰਬਰ 2019 ਨੂੰ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਮੌਕੇ ਉਨਾਂ ਨੇ ਇਸ ਸਮਾਗਮ ਦਾ ਪੋਸਟਰ ਵੀ ਜਾਰੀ ਕੀਤਾ। ਇਹ ਸਮਾਗਮ ਮਲੋਟ ਵਿਧਾਨ ਸਭਾ ਹਲਕੇ ਦੀ ਸਮੁੱਚੀ ਸੰਗਤ ਦੇ ਸਹਿਯੋਗ ਰਾਹੀਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਐਸ.ਡੀ.ਐਮ. ਸ: ਗੋਪਾਲ ਸਿੰਘ, ਐਸ.ਪੀ. ਸ: ਗੁਰਮੇਲ ਸਿੰਘ ਅਤੇ ਡੀਐਸਪੀ ਮਲੋਟ ਸ੍ਰੀ ਮਨਮੋਹਨ ਸਿੰਘ ਅਤੇ ਸ: ਅਮਨਪ੍ਰੀਤ ਸਿੰਘ ਭੱਟੀ ਵੀ ਹਾਜਰ ਸਨ। ਪੱਤਰਕਾਰਾਂ ਨਾਲ ਇਸ ਸਮਾਗਮ ਦੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਦੱਸਿਆ ਕਿ ਇਹ ਸਮਾਗਮ ਸਵੇਰੇ 9:00 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਸੁਰੂ ਹੋਵੇਗਾ। ਜਿਸ ਉਪਰੰਤ ਪ੍ਰਸਿੱਧ ਕੀਰਤਨੀ ਜਥੇ ਗੁਰਬਾਣੀ ਦਾ ਕੀਰਤਨ ਕਰਨਗੇ। ਇਸ ਤੋਂ ਬਾਅਦ ਸੰਤ ਮਹਾਂਪੁਰਸ ਜਿਨਾਂ ਵਿੱਚ ਬਾਬਾ ਕਾਹਨ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ, ਬਾਬਾ ਸੇਵਾ ਸਿੰਘ ਜੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਨਾਮ ਸ਼ਾਮਲ ਹਨ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਗੁਰਬਾਣੀ ਦੇ ਸੰਦੇਸ਼ ਤੋਂ ਜਾਣੂ ਕਰਵਾਉਣਗੇ। ਇਸ ਤੋਂ ਬਾਅਦ ਪੰਥ ਦੇ ਮਹਾਨ ਸਿੱਖ ਵਿਦਵਾਨ ਜਿਨਾਂ ਵਿੱਚ ਡਾ: ਕੁਲਦੀਪ ਸਿੰਘ ਧੀਰ, ਪੰਜਾਬੀ ਯੁਨੀਵਰਸਿਟੀ ਪਟਿਆਲਾ, ਡਾ: ਧਰਮ ਸਿੰਘ, ਗੁਰੂ ਨਾਨਕ ਦੇਵ ਯੁਨੀਵਰਸਿਟੀ ਅੰਮਿ੍ਰਤਸਰ ਅਤੇ ਡਾ: ਸਤਨਾਮ ਸਿੰਘ, ਗੁਰੂ ਕਾਸ਼ੀ ਯੁਨੀਵਰਸਿਟੀ ਤਲਵੰਡੀ ਸਾਬੋ ਦੇ ਨਾਂ ਸ਼ਾਮਲ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਸਬੰਧੀ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕਰਨਗੇ।

ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਦੇ ਭਾਸਣ ਮੁਕਾਬਲੇ ਵੀ ਕਰਵਾਏ ਜਾਣਗੇ ਜਿਨਾਂ ਦਾ ਵਿਸ਼ਾ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਹੀ ਆਧਾਰਤ ਹੈ। ਇਸ ਤੋਂ ਬਾਅਦ ਪੰਮੀ ਬਾਈ, ਬਲਕਾਰ ਸਿੱਧੂ, ਰੀਤੂ ਨੂਰਾਂ, ਜਗਮੀਤ ਭੁੱਲਰ ਅਤੇ ਹੋਰ ਗਾਇਕ ਧਾਰਮਿਕ ਤੇ ਸੁਫੀਆਨਾ ਗਾਇਨ ਰਾਹੀਂ ਸੰਗਤਾਂ ਦੀ ਹਾਜਰੀ ਭਰਨਗੇ। ਇਸ ਮੌਕੇ ਇੱਕ ਧਾਰਮਿਕ ਫ਼ਿਲਮ ‘ਨਾਨਕ ਨੂਰ ਇਲਾਹੀ’ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਤਹਿਤ ਇਕ ਨਾਟਕ ‘ਗਗਨ ਮੇ ਥਾਲ’ ਵੀ ਪੇਸ਼ ਕੀਤਾ ਜਾਵੇਗਾ ਜਿਸ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਨਾਂ ਦੀਆਂ ਸਿੱਖਿਆਵਾਂ ਆਦਿ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਬਿਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਅਤੇ ਸਥਾਨਾਂ ਗੁਰਦੁਆਰਿਆਂ ਨਾਲ ਸਬੰਧਤ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਉਦੇਸ਼ ਸਾਡੀ ਨਵੀਂ ਪੀੜੀ ਨੂੰ ਸ੍ਰੀ ਗੁਰੂ ਨਾਨਕ ਦੇਵ ਕੀਤੀਆਂ ਸਿੱਖਿਆਵਾਂ ਨਾਲ ਜੋੜਨਾ ਹੈ। ਉਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ 27 ਨਵੰਬਰ 2019 ਨੂੰ ਸਵੇਰੇ 9:00 ਵਜੇ ਤੋਂ ਰਾਤ 8:00 ਵਜੇ ਤੱਕ ਹੋਣ ਵਾਲੇ ਇਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਘਰ ਘਰ ਪ੍ਰਚਾਰ ਕਰੀਏ। ਇਸ ਮੌਕੇ ਉਨਾਂ ਨੇ ਮੀਡੀਆ ਦੇ ਸਹਿਯੋਗ ਲਈ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਉਨਾਂ ਨਾਲ, ਬਲਾਕ ਪ੍ਰਧਾਨ ਨੱਥੂ ਰਾਮ ਗਾਂਧੀ, ਸਤਿਗੁਰ ਦੇਵ ਪੱਪੀ, ਸਰਬਜੀਤ ਸਿੰਘ ਕਾਕਾ ਬਰਾੜ, ਸੁਭਦੀਪ ਸਿੰਘ ਬਿੱਟੂ, ਜਗਨਨਾਥ ਸ਼ਰਮਾ, ਪਰਮਿੰਦਰ ਸਿੰਘ ਭੱਟੀ ਅਤੇ ਹੋਰ ਸਥਾਨਕ ਆਗੂ ਹਾਜ਼ਰ ਸਨ। ਬਾਅਦ ਵਿਚ ਡਿਪਟੀ ਸਪੀਕਰ ਸ: ਅਜਾਇਬ ਸਿੰਘ ਭੱਟੀ ਨੇ ਸਮੂਹ ਅਧਿਕਾਰੀਆਂ ਸਮੇਤ ਦਾਣਾ ਮੰਡੀ ਵਿਚ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਵੀ ਲਿਆ।