ਦੀਵਾਲੀ ਵਾਲੀ ਰਾਤ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ

ਮੰਡੀ ਲੱਖੇਵਾਲੀ- ਬੀਤੀ ਰਾਤ ਸਥਾਨਕ ਮੰਡੀ ਦੇ ਮੇਨ ਬਾਜ਼ਾਰ ਵਿਚ ਸਥਿਤ ਧਰਮ ਪਾਲ-ਨਰੇਸ਼ ਕੁਮਾਰ ਕਰਿਆਨਾ ਸਟੋਰ ਵਾਲਿਆਂ ਦੀ ਨਾਲ ਸਮਾਨ ਵਾਲੀ ਦੁਕਾਨ ਤੇ ਅੱਗ ਲੱਗ ਗਈ, ਜਿਸ ਨਾਲ ਉਨ੍ਹਾਂ ਦਾ ਕਰੀਬ 3 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਘਟਨਾ ਦਾ ਪਤਾ ਉਨ੍ਹਾਂ ਨੂੰ ਸਵੇਰੇ ਕਰੀਬ 3.30 ਵਜੇ ਰੇਲ ਗੱਡੀ ਤੇ ਜਾਣ ਵਾਲੀ ਸਵਾਰੀ ਦੇ ਵੇਖਣ ਬਾਅਦ ਮਾਲਕਾਂ ਨੂੰ ਫ਼ੋਨ ਕਰਨ ਬਾਅਦ ਲੱਗਾ । ਜਿਸ ਤੋਂ ਬਾਅਦ ਆਂਢ-ਗੁਆਂਢ ਦੀ ਮਦਦ ਨਾਲ ਬਹੁਤ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ ਗਿਆ। ਅਗਰ ਇਹ ਅੱਗ ਹੋਰ ਦੁਕਾਨਾਂ ਤੱਕ ਪਹੁੰਚ ਜਾਂਦੀ ਤਾਂ ਮੇਨ ਬਾਜ਼ਾਰ ਹੋਣ ਕਾਰਨ ਇਹ ਨੁਕਸਾਨ ਬਹੁਤ ਜ਼ਿਆਦਾ ਵੱਧ ਸਕਦਾ ਸੀ । ਜਾਣਕਾਰੀ ਅਨੁਸਾਰ ਉਕਤ ਦੁਕਾਨ ਮਾਲਕਾਂ ਦਾ ਦੁਕਾਨਦਾਰਾਂ ਨੂੰ ਸਮਾਨ ਦੇਣ ਦਾ ਹੋਲ ਸੇਲ ਦਾ ਕਾਰੋਬਾਰ ਹੈ ਅਤੇ ਬੀਤੀ ਰਾਤ ਦੀਵਾਲੀ ਦਾ ਦਿਨ ਹੋਣ ਕਾਰਨ ਦੁਕਾਨ ਤੇ ਸਾਰਾ ਦਿਨ ਭੀੜ ਰਹੀ ਅਤੇ ਸ਼ਾਮ ਨੂੰ ਸਹੀ ਸਲਾਮਤ ਦੁਕਾਨ ਬੰਦ ਕਰਕੇ ਘਰ ਚਲੇ ਗਏ, ਪ੍ਰੰਤੂ ਰਾਤ ਨੂੰ ਇਹ ਘਟਨਾ ਵਾਪਰ ਗਈ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ । ਇਥੇ ਇਹ ਵੀ ਦੱਸਣਯੋਗ ਹੈ ਕਿ ਮੰਡੀ ਲੱਖੇਵਾਲੀ ਸਬ-ਤਹਿਸੀਲ ਹੋਣ ਦੇ ਬਾਵਜੂਦ ਇਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਲਾਕਾ ਵਾਸੀਆਂ ਲਈ ਅੱਗ ਵਰਗੀਆਂ ਘਟਨਾਵਾਂ ਨਾਲ ਨਿਪਟਣ ਲਈ ਕੋਈ ਵੀ ਬੰਦੋਬਸਤ ਨਹੀਂ ਹੈ ਅਤੇ ਲੋਕਾਂ ਨੂੰ ਆਪ ਹੀ ਅਜਿਹੀਆਂ ਘਟਨਾਵਾਂ ਵੇਲੇ ਜਾਨ ਜੋਖ਼ਮ ਵਿਚ ਪਾ ਕੇ ਅੱਗ ਤੇ ਕੰਟਰੋਲ ਕਰਨਾ ਪੈਂਦਾ ਹੈ।