ਪਿਛਲੇ 9 ਮਹੀਨਿਆਂ ਤੋਂ ਸਰਕਾਰ ਵੱਲੋਂ ਮਜ਼ਦੂਰੀ ਨਾ ਵਧਾਉਣ ਕਾਰਨ ਜਿਲ੍ਹੇ ਦੀ ਦਾਣਾ ਮੰਡੀ ਵਿਖੇ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀ ਮਜ਼ਦੂਰਾਂ ਦੀ 9 ਮਹੀਨੇ ਪਹਿਲਾਂ 25% ਮਜ਼ਦੂਰੀ ਵਧਾਈ ਗਈ ਸੀ, ਉਸੇ ਦਿਨ ਮਲੋਟ ਦੇ ਵਿਧਾਇਕਾ ਮਾਨਯੋਗ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਦਾ ਮਜ਼ਦੂਰੀ ਵਧਾਉਣ ਦੀ ਖੁਸ਼ੀ ਵਿੱਚ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾ ਦਿੱਤਾ ਗਿਆ ਸੀ। ਪਰ 9 ਮਹੀਨਿਆਂ ਵਿੱਚ ਦੋ ਸੀਜ਼ਨ (ਕਣਕ ਅਤੇ ਝੋਨਾ) ਬਗੈਰ ਵਧਾਈ ਗਈ ਮਜ਼ਦੂਰੀ ਤੋਂ ਖਤਮ ਹੋ ਗਏ ਅਤੇ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲੀ। ਇਸ ਕਰਕੇ ਮਜ਼ਦੂਰਾਂ ਵੱਲੋਂ ਦਾਣਾ ਮੰਡੀ ਵਿੱਚ ਧਰਨਾ ਤਿੰਨ ਦਿਨ ਤੋਂ ਲਗਾਤਾਰ ਜਾਰੀ ਹੈ।

ਇਸ ਰੋਸ ਮੁਜ਼ਾਹਰੇ 'ਚ ਸੋਨੂੰ ਕਾਂਬਲੀ ਪ੍ਰਧਾਨ ਮੰਡੀ ਮਜ਼ਦੂਰ ਯੂਨੀਅਨ ਸ਼੍ਰੀ ਮੁਕਤਸਰ ਸਾਹਿਬ ਅਤੇ ਸੁਦੇਸ਼ ਪਾਲ ਸਿੰਘ ਮਲੋਟ ਸੂਬਾ ਵਾਇਸ ਪ੍ਰਧਾਨ ਅਨਾਜ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਧਾਈ ਗਈ ਮਜ਼ਦੂਰੀ ਦੀਆਂ ਲਿਸਟਾਂ ਮਾਰਕਿਟ ਕਮੇਟੀਆਂ ਨੂੰ ਜਲਦ ਤੋਂ ਜਲਦ ਜਾਰੀ ਕੀਤੀਆਂ ਜਾਣ ਨਹੀਂ ਤਾਂ ਦਾਣਾ ਮੰਡੀ ਮਜ਼ਦੂਰ ਬਾਕੀ ਮੰਡੀਆਂ ਵਾਂਗ ਇਸ ਮੰਡੀ ਵਿੱਚ ਵੀ ਧਰਨੇ ਲਗਾਉਣਗੇ। ਬੀਤੇ ਦਿਨ ਦੇ ਰੋਸ ਮੁਜ਼ਾਹਰੇ ਵਿੱਚ ਮੁਕੇਸ਼ ਕੁਮਾਰ, ਪਵਨ, ਰਾਹੁਲ, ਵਿਜੈ ਕੁਮਾਰ ਅਤੇ ਹਰਦੀਪ ਸਿੰਘ ਗਰੇਵਾਲ ਆਦਿ ਹਾਜ਼ਿਰ ਸਨ। Author: Malout Live