ਸ਼੍ਰੀ ਮੁਕਤਸਰ ਸਾਹਿਬ ਪ੍ਰਸ਼ਾਸਨ ਦੇ ਯਤਨਾਂ ਸਦਕਾ ਨਵੇਂ ਸਰਕਾਰੀ ਸਕੂਲ ਦੀ ਸਥਾਪਨਾ ਹਿੱਤ 1 ਕਰੋੜ ਤੋਂ ਵੱਧ ਦੀ ਜਮੀਨ ਕੀਤੀ ਦਾਨ
ਮਲੋਟ:- ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਦੇ ਨਿੱਜੀ ਯਤਨਾਂ ਸਦਕਾ ਬੇਹੱਦ ਜ਼ਰੂਰਤਮੰਦ ਬੱਚਿਆਂ ਦੀ ਵੱਡੀ ਮੰਗ ਪੂਰੀ ਹੋ ਗਈ ਹੈ, ਜਿਸ ਤਹਿਤ ਨਵੇਂ ਬਣਨ ਵਾਲੇ ਬਲਮਗੜ੍ਹ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਕੂਲ ਲਈ 1 ਕਨਾਲ ਤੋਂ ਵੱਧ ਤੋਂ ਵੱਧ ਜਮੀਨ ਸ਼੍ਰੀ ਗੁਰਬਖਸ਼ ਸਿੰਘ ਰੂਬੀ, ਸ਼੍ਰੀਮਤੀ ਦਰਸ਼ਨ ਕੌਰ ਅਤੇ ਸ਼੍ਰੀ ਜਗਜੋਤ ਸਿੰਘ ਨੇ ਸਿੱਖਿਆ ਵਿਭਾਗ ਨੂੰ ਦਾਨ ਦਿੱਤੀ ਹੈ।
ਡਿਪਟੀ ਕਮਿਸ਼ਨਰ ਅਨੁਸਾਰ ਇਸ ਜਮੀਨ ਦੀ ਕੀਮਤ 1 ਕਰੋੜ ਤੋਂ ਵੀ ਵੱਧ ਬਣਦੀ ਹੈ। ਸੰਬੰਧਿਤ ਪਰਿਵਾਰ ਵੱਲੋਂ ਰਜਿਸਟਰੀ ਸਿੱਖਿਆ ਵਿਭਾਗ ਦੇ ਨਾਮ ਤੇ ਕਰਵਾ ਦਿੱਤੀ ਹੈ। ਇਸ ਮੌਕੇ ਤੇ ਸਵਰਨਜੀਤ ਕੌਰ ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ, ਅਨਿਲ ਕੁਮਾਰ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਜੈ ਦਿਆਲ, ਸ਼੍ਰੀ ਰਾਜਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੁਕਤਸਰ-2 ਮੌਜੂਦ ਸਨ। ਸ਼੍ਰੀਮਤੀ ਪ੍ਰਭਜੋਤ ਕੌਰ ਜਿਲ੍ਹਾ ਸਿੱਖਿਆ ਅਫਸਰ(ਐ.ਸਿ) ਸ਼੍ਰੀ ਮੁਕਤਸਰ ਸਾਹਿਬ ਨੇ ਇਸ ਮੌਕੇ ਸਮੁੱਚੇ ਜਿਲ੍ਹਾ ਪ੍ਰਸ਼ਾਸਨ ਖਾਸ ਤੌਰ ਤੇ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਦਾ ਅਤੇ ਜਮੀਨ ਦਾਨ ਦੇਣ ਵਾਲੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਪਰੋਕਤ ਸਕੂਲ ਨਾਲ ਗਰੀਬ ਤੇ ਪੱਛੜੇ ਇਲਾਕੇ ਦੀ ਵੱਡੀ ਮੰਗ ਪੂਰੀ ਹੋ ਗਈ ਹੈ।