ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਿਸਾਨਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ
,
ਸ੍ਰੀ ਮੁਕਤਸਰ ਸਾਹਿਬ :- ਸਰਕਾਰ ਦੇ ਹੁਕਮਾਂ ਅਨੁਸਾਰ ਕਣਕ ਦੀ ਜ਼ਿਲ੍ਹੇ ਵਿੱਚ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਪਰ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋ. ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਾਰੀ ਕੀਤੀਆਂ ਹਨ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਦੂਨੀਆਂ ਭਰ ਵਿਚ ਫੈਲੇ ਹੋਏ ਘਾਤਕ ਕੋਰੋਨਾ ਵਾਇਰਸ ਤੋਂ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸਾਨੂੰ ਖੇਤਾਂ ਅਤੇ ਦਾਣਾ ਮੰਡੀਆਂ ਵਿਚ ਸਾਵਧਾਨੀਆਂ ਪੂਰੀ ਸਖਤੀ ਨਾਲ ਵਰਤਣੀਆਂ ਪੈਣਗੀਆਂ ।
ਉਹਨਾਂ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਕਣਕ ਦੀ ਵਾਢੀ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਹੋਵੇਗਾ। ਸਰਕਾਰ ਵਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੇ ਅਨੁਸਾਰ ਫ਼ਸਲ ਵੱਢਣ ਸਮੇਂ ਕਾਮੇ ਇੱਕ ਦੂਜੇ ਤੋਂ ਘੱਟੋ ਘੱਟ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣ, ਥੋੜੇ-ਥੋੜੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰਾਂ ਧੋਂਦੇ ਰਹਿਣ, ਆਪਣੇ ਹੱਥਾਂ ਨੂੰ ਮੂੰਹ, ਅੱਖਾਂ ਅਤੇ ਨੱਕ ਨੂੰ ਲਾਉਣ ਤੋਂ ਪ੍ਰਹੇਜ਼ ਕਰਨ, ਕੰਮ ਕਰਦੇ ਸਮੇਂ ਆਪਣਾ ਨੱਕ-ਮੂੰਹ ਢੱਕ ਕੇ ਰੱਖਣ, ਖਾਣ ਪੀਣ ਸਮੇਂ ਵੀ ਇੱਕ ਦੂਜੇ ਤੋਂ ਉਚਿਤ ਦੂਰੀ ਬਣਾ ਕੇ ਬੈਠਣ, ਖੇਤਾਂ ਅਤੇ ਮੰਡੀਆਂ ਵਿੱਚ ਬਿਲੁਕਲ ਵੀ ਨਾ ਥੁੱਕਣ ਕਿਉਂਕਿ ਥੱੁਕਣ ਨਾਲ ਕਰੋਨਾ ਵਾਇਰਸ ਫੈਲਣ ਦਾ ਖਤਰਾ ਵਧਦਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹੀ ਕਿਸਾਨ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਉਣ ਜਿਨਾਂ ਨੂੰ ਆੜਤੀਆਂ ਵੱਲੋਂ ਮਾਰਕੀਟ ਕਮੇਟੀਆਂ ਪਾਸੋ ਪਾਸ ਜਾਰੀ ਕੀਤੇ ਗਏ ਹੋਣ । ਮੰਡੀ ਵਿੱਚ ਲਿਜਾਈ ਜਾ ਰਹੀ ਕਣਕ ਨਿਸ਼ਚਿਤ ਕੀਤੀ ਥਾਂ ਉੱਪਰ ਹੀ ਉਤਾਰੀ ਜਾਵੇ, ਟਰੈਕਟਰ ਉੱਪਰ ਡਰਾਈਵਰ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਾ ਬੈਠੇ, ਟਰਾਲੀ ਵਿੱਚ ਘੱਟੋ ਘੱਟ ਲੇਬਰ ਹੀ ਬੈਠੇ ਅਤੇ ਉਹ ਉਚਿਤ ਦੂਰੀ ਬਣਾ ਕੇ ਬੈਠਣ। ਮੰਡੀ ਵਿਚ ਰੱਖਣ ਵਾਲੀਆਂ ਸਾਵਧਾਨੀਆਂ ਮੰਡੀ ਵਿੱਚ ਖਾਣ ਪੀਣ ਦੀਆਂ ਦੁਕਾਨਾਂ ਉੱਤੇ ਇਕੱਠ ਨਾ ਕੀਤਾ ਜਾਵੇ, ਦੁਕਾਨਦਾਰ ਵੀ ਆਪਣਾ ਨੱਕ-ਮੂੰਹ ਢੱਕ ਕੇ ਰੱਖਣ, ਸਾਰੇ ਵਿਅਕਤੀ ਖਾਣ-ਪੀਣ ਲਈ ਆਪਣੇ ਆਪਣੇ ਬਰਤਨ ਹੀ ਵਰਤਣ, ਜੇਕਰ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖਾਰ ਆਦਿ ਦੀ ਸ਼ਿਕਾਇਤ ਹੈ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾਣਾ ਚਾਹੀਦਾ ਹੈ, ਜੇ ਸੰਭਵ ਹੋਵੇ ਤਾਂ ਖੇਤਾਂ ਅਤੇ ਪਿੰਡ ਦੀ ਮੰਡੀ ਵਿੱਚ ਉਸੇ ਪਿੰਡ ਦੀ ਹੀ ਲੇਬਰ ਜਾਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਅਨਾਜ ਮੰਡੀਆਂ ਵਿੱਚ ਕਣਕ ਸੁੱਕੀ ਤੇ ਸਾਫ ਸੁਥਰੀ ਹੀ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਅਨਾਜ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ।