ਲੋਕ ਮੋਰਚਾ ਪੰਜਾਬ ਦੀ ਇੱਕ ਮੀਟਿੰਗ ਦੌਰਾਨ ਆਰਥਿਕ ਮੰਦੀ ਨੂੰ ਲੈ ਕੇ ਕੀਤਾ ਗਿਆ ਵਿਚਾਰ - ਵਟਾਂਦਰਾ
ਮਲੋਟ:- ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਲੋਕ ਮੋਰਚਾ ਪੰਜਾਬ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਆਰਥਿਕ ਮੰਦੀ ਨੂੰ ਲੈ ਕੇ ਵਿਚਾਰ - ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੋਰਚਾ ਆਗੂਆਂ ਨੇ ਕਿਹਾ ਕਿ ਆਰਥਿਕ ਮੰਦੀ ਲਈ ਸਰਕਾਰ ਦੀਆਂ ਕਾਰਪੋਰੇਟਾਂ , ਜਗੀਰਦਾਰਾਂ ਤੇ ਬਹੁਕੌਮੀ ਕੰਪਨੀਆਂ ਪੱਖੀ ਨੀਤੀਆਂ ਜ਼ਿੰਮੇਵਾਰ ਹਨ , ਜਿਸ ਤਹਿਤ ਸਰਕਾਰ ਨੇ ਕਾਰਪੋਰੇਟਾਂ ਨੂੰ 1 ਲੱਖ , 45 ਹਜ਼ਾਰ ਕਰੋੜ ਦੀਆਂ ਟੈਕਸ ਰਿਆਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਬਣਾਏ ਜਾ ਰਹੇ ਹਨ , ਕਿਰਤੀਆਂ ਦੀ ਸਮਾਜਿਕ ਸੁਰੱਖਿਆ ਖ਼ਤਮ ਕੀਤੀ ਜਾ ਰਹੀ ਹੈ , ਪੱਕੇ ਰੁਜ਼ਗਾਰ ਦੀ ਥਾਂ ਠੇਕਾ ਰੁਜ਼ਗਾਰ ਦਿੱਤਾ ਜਾ ਰਿਹਾ ਹੈ , ਖੇਤੀ ਖੇਤਰ ਲਗਾਤਾਰ ਸੰਕਟ ਵਿਚ ਹੈ ।
ਅਤੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਹੋਰ ਵੀ ਕਈ ਮਸਲੇ ਹਨ , ਜਿਨ੍ਹਾਂ ਤੋਂ ਧਿਆਨ ਭਟਕਾਉਣ ਲਈ ਸਰਕਾਰ ਵਲੋਂ ਨਾਗਰਿਕਤਾ ਸੋਧ ਬਿੱਲ ਲਿਆਂਦਾ ਗਿਆ ਹੈ ਤੇ ਲੋਕਾਂ ' ਚ ਫ਼ਿਰਕੂ ਵੰਡੀਆਂ ਪਾ ਰਹੀ ਹੈ। ਉਨ੍ਹਾਂ ਵਲੋਂ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਗਿਆ ਕਿ ਆਰਥਿਕ ਸੰਕਟ ਦਾ ਸਦੀਵੀ ਹੱਲ ਕਰਨ ਲਈ ਸਾਮਰਾਜੀ ਤੇ ਕਾਰਪੋਰੇਟਾਂ ਦੀ ਪੂੰਜੀ ਜ਼ਬਤ ਕੀਤੀ ਜਾਵੇ , ਤਿੱਖੇ ਜ਼ਮੀਨੀ ਸੁਧਾਰ ਲਾਗੂ ਕੀਤੇ ਜਾਣ , ਸੂਦਖੋਰੀ ਦਾ ਖ਼ਾਤਮਾ ਕੀਤਾ ਜਾਵੇ , ਖੇਤੀਬਾੜੀ ਲਈ ਸਸਤੇ ਕਰਜ਼ੇ ਅਤੇ ਸਬਸਿਡੀਆਂ ਦਿੱਤੀਆਂ ਜਾਣ , ਮਨਰੇਗਾ ਸਕੀਮ ਨੂੰ ਸ਼ਹਿਰੀ ਗ਼ਰੀਬਾਂ ਤੱਕ ਵਧਾਏ ਜਾਣ , ਪੱਕਾ ਰੁਜ਼ਗਾਰ ਮੁਹੱਈਆ ਕਰਵਾਉਣ , ਟੈਕਸਾਂ ਦਾ ਬੋਝ ਘਟਾਏ ਜਾਣ ਆਦਿ ਦੀ ਮੰਗ ਕੀਤੀ ਗਈ । ਇਸ ਮੌਕੇ ਜ਼ਿਲ੍ਹਾ ਆਗੂ ਪਿਆਰਾ ਲਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ ।