ਮਿਡ ਡੇ ਮੀਲ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ

ਮਲੋਟ:- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਕੇਵਲ ੧੭੦੦ ਰੁਪਏ ਪ੍ਰਤੀ ਮਹੀਨਾ ਨਿਗੂਣੀ ਜਿਹੀ ਤਨਖਾਹ ਤੇ ਖਾਣਾ ਤਿਆਰ ਕਰਨ ਵਾਲੀਆਂ ਬੀਬੀਆਂ ਅੱਜਕੱਲ ਪੰਜਾਬ ਸਰਕਾਰ ਦੇ ਰਵੱਈਏ ਤੋਂ ਕਾਫੀ ਔਖੀਆਂ ਹਨ। ਆਪਣੀਆਂ ਮੰਗਾਂ ਸਬੰਧੀ ਇੰਨਾਂ ਬੀਬੀਆਂ ਨੇ ਮਿਡ ਡੇ ਮੀਲ਼ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਝੰਡੇ ਹੇਠ ਮਲੋਟ ਵਿਖੇ ਇਕੱਤਰਤਾ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇ ਮਾਧਿਅਮ ਰਾਹੀ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਮਿਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ ਨੇ ਵਿਸਥਾਰ ਵਿੱਚ ਦੱਸਿਆ ਕਿ ਨਿਗੂਣੀ ਜਿਹੀ ਤਨਖਾਹ ਤੇ ਕੰਮ ਕਰਕੇ ਉਨਾ ਦੇ ਘਰਾਂ ਦੇ ਚੁੱਲੇ ਨਹੀ ਚੱਲਦੇ। ਹਣ ਇੱਕ ਪਾਸੇ ਸਮੁੱਚਾ ਭਾਰਤ ਤਾਲਾਬੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਇਸ ਮੁਸ਼ਕਿਲ ਘੜੀ ਦੌਰਾਨ ਸਕੂਲ ਬੰਦ ਹੋਣ ਕਰਕੇ ਉਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨਾਂ ਮੰਗ ਕੀਤੀ ਕਿ ਉਨਾ ਨੂੰ ਸਕਿਲਡ ਵਰਕਰ ਮੰਨਦੇ ਹੋਏ ਘੱਟੋ ਘੱਟ ਉਜ਼ਰਤਾਂ ਦੇ ਦਾਇਰੇ ਅਧੀਨ ਲਿਆਦਾ ਜਾਵੇ। ਹਰਿਆਣਾ ਦੀ ਤਰਜ਼ ਤੇ ਉਨਾਂ ਨੂੰ ੩੫੦੦ ਰੁ: ਪ੍ਰਤੀ ਮਹੀਨਾ ਦਿੱਤ ਜਾਵੇ ਹਾਲਾਂਕਿ ਪੰਜਾਬ ਸਰਕਾਰ ਨਾਲ ਪਿਛਲੇ ਸਮੇਂ ਦੌਰਾਨ ਹੋਈ ਮੀਟਿੰਗ ਵਿੱਚ ੩੦੦੦ ਰੁ ਦੇਣੇ ਸਰਕਾਰ ਨੇ ਪ੍ਰਵਾਨ ਕਰ ਗਏ ਸਨ ਪਰ ਲਾਗੂ ਨਹੀ ਕੀਤੇ ਗਏ। ਬਾਕੀ ਮਹਿਲਾ ਮੁਲਾਜ਼ਮਾ ਵਾਂਗ ਉਨਾਂ ਨੂੰ ਵੀ ਛੁੱਟੀਆਂ ਦਿੱਤੀਆਂ ਜਾਣ। ਉਨਾਂ ਅੱਗੇ ਮੰਗ ਕੀਤੀ ਕਿ ਅੱਗ ਤੇ ਕੰਮ ਕਰਦੇ ਸਮੇ ਕਿਸੇ ਨਾਲ ਵੀ ਹਾਦਸਾ ਵਾਪਰ ਸਕਦਾ ਹੈ, ਇਸ ਲਈ ਸਰਕਾਰ ਵੱਲੋਂ ਉਨਾਂ ਦਾ ਘੱਟੋ ਘੱਟ ਪੰਜ ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਵੇ। ਪਿਛਲੇ ਸਮੇ ਦੌਰਾਨ ਬਿਨਾ ਕਿਸੇ ਕਾਰਨ ਹਟਾਈਆਂ ਗਈਆਂ ਵਰਕਰਾਂ ਨੂੰ ਮੁੜ ਤੋਂ ਹਾਜ਼ਰ ਕਰਵਾਇਆ ਜਾਵੇ। ਇਸ ਮੌਕੇ ਉਨਾਂ ਨਾਲ ਭਰਾਤਰੀ ਜਥੇਬੰਦੀਆਂ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਜਿਲ੍ਹਾ ਫਾਜਿਲਕਾ ਦੇ ਪ੍ਰਧਾਨ ਭਗਵੰਤ ਭਟੇਜਾ, ਜਤਿੰਦਰ ਕੁਮਾਰ, ਰਕੇਸ਼ ਕੁਮਾਰ , ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕੁਲਵਿੰਦਰ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਸ ਫੈਡਰੇਸ਼ਨ ਵੱਲੋਂ ਪ੍ਰਧਾਨ ਮਨੋਹਰ ਲਾਲ ਸ਼ਰਮਾ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਰਪ੍ਰਸਤ ਹਿੰਮਤ ਸਿੰਘ, ਬਲਦੇਵ ਸਿੰਘ ਸਾਹੀਵਾਲ, ਜਤਿੰਦਰ ਸਿੰਘ ਤੋਂ ਇਲਾਵ ਜਿਲ੍ਹੇ ਭਰ ਤੋਂ ਮਿੱਡ ਦੇ ਮੀਲ ਵਰਕਰਜ਼ ਹਾਜ਼ਰ ਸਨ।