ਪੇ- ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਅਧਿਆਪਕਾਂ ਨੇ ਜਤਾਇਆ ਰੋਸ
ਮਲੋਟ:- ਪੰਜਾਬ ਦੀ ਕੈਪਟਨ ਸਰਕਾਰ ਦੀਆਂ ਨੀਤੀਆਂ ਤੋਂ ਜਿੱਥੇ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ ਉੱਥੇ ਅਧਿਆਪਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ । ਤਾਜ਼ਾ ਘਟਨਾਕ੍ਰਮ ਪੰਜਾਬ ਸਰਕਾਰ ਵੱਲੋਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਰਕਾਰ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਢਾਈ ਗੁਣਾ ਵਧ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਇੱਕ ਛਲਾਵਾ ਹੈ ਜਿਸ ਨੂੰ ਅਧਿਆਪਕ ਜਥੇਬੰਦੀਆਂ ਪਹਿਲਾਂ ਹੀ ਨਾ ਮਨਜ਼ੂਰ ਕਰ ਚੁੱਕੀਆਂ ਹਨ । ਸਥਾਨਕ ਸਕੂਲ ਦੇ ਅਧਿਆਪਕਾਂ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਚਤੁਰਾਈ ਨਾਲ ਤੋੜ ਮਰੋੜ ਕੇ ਪੇਸ਼ ਕਰਨ ਦੇ ਰੋਸ ਵਜੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਸ਼ਰਮਾ ਪੈਨਸ਼ਨਰ ਐਸੋਸੀਏਸ਼ਨ ਦੇ ਹਿੰਮਤ ਸਿੰਘ, ਸਰਪ੍ਰਸਤ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਰਿਪੋਰਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਅਧਿਆਪਕਾਂ ਨੂੰ ਖ਼ਦਸ਼ਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿਚ ਤਨਖਾਹਾਂ ਵਧਣ ਦਾ ਛਲਾਵਾ ਤਨਖਾਹਾਂ ਘਟਾਉਣ ਵੱਲ ਪਹਿਲਾ ਕਦਮ ਹੋ ਸਕਦਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਕਿ ਸਮੂਹ ਮੁਲਾਜ਼ਮਾ ਦੀ ਪੁਰਜ਼ੋਰ ਮੰਗ ਹੈ ਕਿ ਸਾਲ 2011ਵਿੱਚ ਦਿੱਤੇ ਗਏ ਲਾਭ ਨੂੰ ਬਹਾਲ ਰੱਖਦੇ ਹੋਏ ਉੱਚਤਮ ਗੁਣਾਂਕ ਵਿੱਚ ਅਧਿਆਪਕਾਂ ਦੀ ਤਨਖਾਹ ਦਾ ਵਾਧਾ ਕੀਤਾ ਜਾਵੇ । ਇਕ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਹਿਲਾਂ ਤੋਂ ਹੀ ਅਧਿਆਪਕਾਂ ਦੀਆਂ ਤਨਖਾਹਾਂ ਤੇ ਜਜ਼ੀਆ ਟੈਕਸ ਲਗਾਇਆ ਹੋਇਆ ਹੈ ਅਤੇ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਦੀਆਂ ਡੀ ਏ ਦੀਆਂ ਬਕਾਇਆ ਕਿਸ਼ਤਾਂ ਵੀ ਰੋਲ ਦਿੱਤੀਆਂ ਗਈਆਂ ਹਨ । ਜਿਸ ਦੇ ਰੋਸ ਵਜੋਂ ਸਮੂਹ ਅਧਿਆਪਕ ਸੜਕਾਂ ਤੇ ਉਤਰਨ ਲਈ ਮਜਬੂਰ ਹੋਏ ਹਨ ਜੇਕਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਾ ਸਰਕੀ ਤਾਂ ਸਾਂਝਾ ਅਧਿਆਪਕ ਮੋਰਚੇ ਦੇ ਸੱਦੇ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕ ਵੀ ਸ਼ਾਮਲ ਹੋਣਗੇ । ਇਸ ਮੌਕੇ ਅਧਿਆਪਕਾਂ , ਪ੍ਰਿੰਸੀਪਲ ਗੁਰਬਿੰਦਰਪਾਲ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ , ਸੁਰਿੰਦਰ ਕੁਮਾਰ ਜੱਗਾ ਬਲਦੇਵ ਸਿੰਘ ਸਾਹੀਵਾਲ, ਨਰੇਸ਼ ਕੁਮਾਰ, ਹਰਿਭਜਨ ਪ੍ਰਿਆਦਰਸ਼ੀ , ਜਸਵਿੰਦਰ ਸਿੰਘ, ਗੁਰਮੀਤ ਸਿੰਘ, ਮਨਦੀਪ ਕੁਮਾਰ ਬਾਘਲਾ , ਜਸਪ੍ਰੀਤ ਕੌਰ ,ਗੁਰਪ੍ਰੀਤ ਸਿੰਘ ਬਰਾੜ , ਹਰਮੀਤ ਕੌਰ, ਅਮਨਦੀਪ ਕੌਰ,ਜਸਬੀਰ ਕੌਰ, ਕਮਲਜੀਤ ਕੌਰ ਲੱਕੀ ਗੋਇਲ, ਸੋਨੂੰ ਬਾਂਸਲ, ਸਪਨਾ ,ਰਮਨਦੀਪ ਸੰਧੂ ਰਣਜੀਤ ਕੌਰ, ਵੀਨਾ ਰਾਣੀ , ਗਗਨਦੀਪ ਕੌਰ, ਸਿਮਤਾ , ਸੁਖਜੀਤ ਕੌਰ, ਪਵਨਦੀਪ ਕੌਰ, ਨਿਮਿਸ਼ਾ ਹਾਜ਼ਰ ਸਨ।