ਅਧਿਆਪਕ ਨੂੰ ਨੌਕਰੀ 'ਚੋਂ ਕਢਾਉਣ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਵਾਲਾ ਕਾਬੂ
ਸੀ.ਆਈ.ਏ ਸਟਾਫ ਮਲੋਟ ਨੇ ਕਾਰਵਾਈ ਕਰਦਿਆਂ ਇੱਕ ਮਹਿਲਾ ਅਧਿਆਪਕ ਨੂੰ ਨੌਕਰੀ 'ਚੋ ਕਢਵਾਉਣ ਦੀਆਂ ਧਮਕੀਆਂ ਦੇ ਕੇ ਮੋਟੀ ਰਕਮ ਮੰਗਣ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸੀ.ਆਈ.ਏ ਸਟਾਫ ਮਲੋਟ ਨੇ ਕਾਰਵਾਈ ਕਰਦਿਆਂ ਇੱਕ ਮਹਿਲਾ ਅਧਿਆਪਕ ਨੂੰ ਨੌਕਰੀ 'ਚੋ ਕਢਵਾਉਣ ਦੀਆਂ ਧਮਕੀਆਂ ਦੇ ਕੇ ਮੋਟੀ ਰਕਮ ਮੰਗਣ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮਨਦੀਪ ਚੀਟੂ ਪੁੱਤਰ ਰਮੇਸ਼ ਕੁਮਾਰ ਵਾਸੀ ਚਾਰ ਖੰਭਾ ਚੌਂਕ ਮਲੋਟ ਨੇ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਆਰਕੀਟੈਕਟ ਤੇ ਇਮਾਰਤਾਂ ਬਣਾਉਣ ਦਾ ਕੰਮ ਕਰਦਾ ਹੈ। ਉਹ 2017 ਤੱਕ ਮਲੋਟ 'ਚ ਰਹਿੰਦਾ ਸੀ। ਉਸਦਾ ਵਿਆਹ 2007 'ਚ ਆਰਤੀ ਮਲਹੋਤਰਾ ਪੁੱਤਰੀ ਵਿਜੈ ਕੁਮਾਰ ਮਲਹੋਤਰਾ ਵਾਸੀ ਲੁਧਿਆਣਾ ਨਾਲ ਹੋਇਆ ਸੀ। 2017- 2018 'ਚ ਉਸਨੇ ਪਰਿਵਾਰ ਸਮੇਤ ਆਪਣੀ ਰਿਹਾਇਸ਼ ਦੌਰਾਹਾ ਜਿਲਾ ਲੁਧਿਆਣਾ ਵਿਖੇ ਕਰ ਲਈ।
5 ਫਰਵਰੀ 2025 ਨੂੰ ਉਸ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ 'ਚ ਉਸਨੇ 12 ਲੱਖ ਰੁਪਏ ਦੀ ਮੰਗ ਕੀਤੀ ਤੇ ਮੰਗ ਪੂਰੀ ਨਾ ਹੋਣ ਤੇ ਆਰਤੀ ਮਲਹੋਤਰਾ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕਢਾ ਦੇਣ ਦੀ ਧਮਕੀ ਦਿੱਤੀ। ਉਕਤ ਵਿਅਕਤੀ ਨੇ ਮੁਦਈ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਮਦਈ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਾ ਕਿ ਫੋਨ ਕਰਨ ਵਾਲਾ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਗੁਰਮੇਲ ਸਿੰਘ ਵਾਸੀ ਔਲਖ ਹੈ ਜਾਂ ਕਿਸੇ ਹੋਰ ਵਿਅਕਤੀ ਦੀ ਸ਼ਹਿ ਤੇ ਸਾਦਬਾਜ ਹੋ ਕੇ ਉਸ ਤੋਂ ਪੈਸੇ ਮੰਗ ਰਿਹਾ ਹੈ। ਇਸ ਮਾਮਲੇ ਤੇ ਮੁਦਈ ਨੇ ਪੈਸੇ ਮੰਗਣ ਤੇ ਧਮਕੀਆਂ ਦੇਣ ਵਾਲੇ ਦੀ ਆਡੀਓ ਰਿਕਾਰਡਿੰਗ ਤੇ ਟੈਕਸਟ ਮੈਸੇਜ ਦੇ ਸਕਰੀਨ ਸ਼ਾਟ ਵੀ ਪੁਲਿਸ ਨੂੰ ਦਿੱਤੇ। ਇਸ ਮਾਮਲੇ ਤੇ ਪੁਲਿਸ ਨੇ ਗੁਰਸੇਵਕ ਸਿੰਘ ਵਿਰੁੱਧ ਥਾਣਾ ਸਿਟੀ ਮਲੋਟ ਵਿਖੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ। ਇਸ ਦੀ ਭਾਵੇਂ ਪੁਸ਼ਟੀ ਨਹੀਂ ਹੋਈ ਹੈ ਪਰ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਤੇ ਪੁਲਿਸ ਕੋਲ ਉਹਨਾਂ ਨਾਵਾਂ ਦਾ ਖੁਲਾਸਾ ਕੀਤਾ ਹੈ, ਜਿਨਾਂ ਨਾਲ ਰਲ ਕੇ ਉਹ ਆਰਤੀ ਮਲਹੋਤਰਾ ਨੂੰ ਧਮਕੀਆਂ ਦੇ ਰਿਹਾ ਸੀ। ਪੁਲਿਸ ਵੱਲੋਂ ਕਾਬੂ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।
Author : Malout Live