ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਲੋੜਵੰਦਾਂ ਨੂੰ ਆਪਣੇ ਮਕਾਨ ਬਨਾਉਣ ਲਈ ਵੰਡੇ ਸੈਂਕਸ਼ਨ ਪੱਤਰ
ਡਾ.ਬਲਜੀਤ ਕੌਰ ਨੇ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮਕਾਨ ਬਨਾਉਣ ਸੈਂਕਸ਼ਨ ਪੱਤਰ ਜਾਰੀ ਕੀਤੇ। ਇਕ ਹੋਰ ਸਮਾਗਮ ਦੌਰਾਨ ਸ. ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਨੇ ਵੀ ਪਿੰਡ ਬਧਾਈ, ਚੌਤਰਾ, ਕਾਲਾ ਸਿੰਘ ਵਾਲਾ, ਅਕਾਲਗੜ੍ਹ, ਗੁਲਾਬੇਵਾਲਾ ਅਤੇ ਜਵਾਹਰੇਵਾਲਾ ਦੇ ਲੋੜਵੰਦਾਂ ਨੂੰ ਆਪਣੇ ਮਕਾਨ ਬਨਾਉਣ ਲਈ ਪਹਿਲੀ ਕਿਸ਼ਤ ਤੇ ਸੈਂਕਸ਼ਨ ਪੱਤਰ ਵੰਡੇ।
ਮਲੋਟ : ਪੰਜਾਬ ਸਰਕਾਰ ਲੋੜਵੰਦਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਡਾ. ਬਲਜੀਤ ਕੌਰ ਸਮਾਜਿਕ ਨਿਆਂ ਅਧਿਕਾਰਿਤਾ ਅਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਮਕਾਨ ਬਨਾਉਣ ਲਈ ਸੈਂਕਸ਼ਨ ਪੱਤਰ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਆਰਥਿਕ ਤੌਰ ਤੇ ਕਮਜੋਰ ਵਰਗ ਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਹੋਣ ਲਈ ਠੋਸ ਉਪਰਾਲੇ ਕਰਨ ਵਿੱਚ ਅਸਫਲ ਰਹੀਆਂ। ਉਨ੍ਹਾਂ ਕਿਹਾ ਕਿ ਇਸ ਦੀ ਜਿਉਂਦੀ ਜਾਗਦੀ ਉਦਾਹਰਨ ਉਹ ਲੋਕ ਹਨ, ਜਿੰਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਦਫਤਰਾਂ ਵਿੱਚ ਨੌਕਰਸ਼ਾਹੀ ਅਤੇ ਤਾਨਾਸ਼ਾਹੀ ਕਾਰਨ ਨਮੋਸ਼ੀ ਝੱਲਣੀ ਪਈ ਹੈ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਬਣ ਚੁੱਕੀ ਹੈ ਤਾਂ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮਾਂ ਤਹਿਤ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਗਈ ਹੈ। ਇਕ ਹੋਰ ਸਮਾਗਮ ਦੌਰਾਨ ਸ. ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ ਨੇ ਵੀ ਪਿੰਡ ਬਧਾਈ, ਚੌਤਰਾ, ਕਾਲਾ ਸਿੰਘ ਵਾਲਾ, ਅਕਾਲਗੜ੍ਹ, ਗੁਲਾਬੇਵਾਲਾ ਅਤੇ ਜਵਾਹਰੇਵਾਲਾ ਦੇ ਲੋੜਵੰਦਾਂ ਨੂੰ ਆਪਣੇ ਮਕਾਨ ਬਨਾਉਣ ਲਈ ਪਹਿਲੀ ਕਿਸ਼ਤ ਤੇ ਸੈਂਕਸ਼ਨ ਪੱਤਰ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸੇ ਤਰ੍ਹਾਂ ਹੀ ਹਰ ਹੀਲੇ ਲੋਕਾਂ ਦੀ ਸੇਵਾ ਕਰਦੀ ਰਹੇਗੀ ਤਾਂ ਜੋ ਲੋਕਾਂ ਦਾ ਆਰਥਿਕ ਪੱਧਰ ਉੱਚਾ ਕੀਤਾ ਜਾ ਸਕੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਜਗਦੇਵ ਸਿੰਘ ਬਾਮ, ਸ਼੍ਰੀ ਸੁਖਜਿੰਦਰ ਸਿੰਘ ਬੱਬਲੂ ਬਰਾੜ ਪ੍ਰਧਾਨ ਟਰੱਕ ਯੂਨੀਅਨ ਅਤੇ ਚੇਅਰਮੈਨ ਸੁਰਜੀਤ ਸਿੰਘ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।
Author : Malout Live