ਦਿੱਲੀ ਹਿੰਸਾ ‘ਚ ਹੁਣ ਦੰਗਾਕਾਰੀਆਂ ਨੂੰ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼,
ਨਵੀਂ ਦਿੱਲੀ:- ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਸਮਰਥਨ ਕਰਨ ਵਾਲੇ ਅਤੇ ਵਿਰੋਧ ਕਰਨ ਵਾਲਿਆਂ ਨੇ ਉੱਤਰ-ਪੂਰਬੀ ਦਿੱਲੀ ਨੂੰ ਹਿੰਸਾ ਦੀ ਅੱਗ ‘ਚ ਸਾੜ ਦਿੱਤਾ ਹੈ।ਦਿੱਲੀ ‘ਚ ਐਤਵਾਰ ਤੋਂ ਸ਼ੁਰੂ ਹੋਈ ਹਿੰਸਾ ‘ਚ ਹੁਣ ਤੱਕ 189 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ ।ਜਿਨ੍ਹਾਂ ‘ਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਕਾਰਨ ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬਾਬਰਪੁਰ ਅਤੇ ਚਾਂਦਬਾਗ ‘ਚ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਲਗਾਤਾਰ ਹਿੰਸਾ ਹੋਈ, ਜਿਸ ਕਾਰਨ ਪ੍ਰਸ਼ਾਸਨ ਨੇ ਧਾਰਾ 144 ਲਗਾ ਦਿੱਤੀ ਹੈ ਅਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।ਸੀਏਏ ਨੂੰ ਲੈ ਕੇ ਦਿੱਲੀ ਦੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ । ਇਸ ਹਿੰਸਾ ‘ਤੇ ਜਲਦ ਤੋਂ ਜਲਦ ਕਾਬੂ ਪਾਉਣ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਦੇਰ ਰਾਤ ਸਿਲਮਪੁਰ ਪਹੁੰਚੇ। ਜਿੱਥੇ ਡੋਭਾਲ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸੀਲਮਪੁਰ ਸਥਿਤ ਉੱਤਰ-ਪੂਰਬੀ ਪੁਲਿਸ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਤਕਰੀਬਨ ਇੱਕ ਘੰਟੇ ਲਈ ਪੁਲਿਸ ਕਮਿਸ਼ਨਰ ਸਣੇ ਹੋਰ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਅਜੀਤ ਡੋਭਾਲ ਸੀਲਮਪੁਰ ਤੋਂ ਰਵਾਨਾ ਹੋਏ।