ਇਟਲੀ 'ਚ ਕੋਰੋਨਾਵਾਇਰਸ ਦੀ ਐਂਟਰੀ

ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਿਉਂਕਿ ਛੂਤ ਦੀ ਇਸ ਬੀਮਾਰੀ ਨਾਲ ਚੰਦ ਦਿਨਾਂ ਵਿੱਚ ਹੀ ਹੁਣ ਤੱਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੁਨੀਆ ਭਰ ਦੇ ਦੇਸ਼ ਇਸ ਬੀਮਾਰੀ ਤੋਂ ਬੱਚਣ ਲਈ ਪੂਰੀ ਤਰ੍ਹਾਂ ਚੌਕੰਨੇ ਹੋਕੇ ਕੰਮ ਕਰ ਰਹੇ ਹਨ।ਯੂਰਪੀਅਨ ਦੇਸ਼ ਵੀ ਪੂਰੀ ਤਰ੍ਹਾਂ ਕੋਰੋਨਾਵਾਇਰਸ ਤੋਂ ਬੱਚਣ ਲਈ ਅੱਡੀਆਂ ਭਾਰ ਖੜ੍ਹੇ ਦਿਖਾਈ ਦੇ ਰਹੇ ਹਨ। ਬੇਸ਼ੱਕ ਇਟਲੀ ਸਰਕਾਰ ਨੇ ਏਅਰਪੋਰਟਾਂ ਉਪੱਰ ਵਿਸ਼ੇਸ਼ ਜਾਂਚ ਮਸ਼ੀਨਾਂ ਲਗਾ ਦਿੱਤੀਆਂ ਪਰ ਇਸ ਦੇ ਬਾਵਜੂਦ ਕੋਰੋਨਾਵਾਇਰਸ ਇਟਲੀ ਵਿੱਚ ਪਹੁੰਚ ਹੀ ਗਿਆ। ਇਟਲੀ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਦੋ ਕੇਸ ਦਰਜ ਕੀਤੇ ਗਏ ਹਨ।ਇਸ ਗੱਲ ਦਾ ਖੁਲਾਸਾ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਆਪਣੀ ਰਿਹਾਇਸ਼ ਪਲਾਸੋ ਕੀਜੀ ਰੋਮ ਵਿਖੇ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਸਪੇਰਾਂਸਾ ਨਾਲ ਮੁਲਾਕਾਤ ਦੌਰਾਨ ਕੀਤਾ।ਪ੍ਰਧਾਨ ਮੰਤਰੀ ਕੌਂਤੇ ਨੇ ਇਸ ਗੱਲ ਦੀ ਘੋਸ਼ਣਾ ਵੀ ਕੀਤੀ ਕਿ ਉਹਨਾਂ ਚੀਨ ਜਾਣ ਅਤੇ ਆਉਣ ਲਈ ਹਵਾਈ ਆਵਾਜਾਈ ਨੂੰ ਬੰਦ ਕਰ ਦਿੱਤਾ ਹੈ।ਕੋਰੋਨਾਵਾਇਰਸ ਦੇ ਬਚਾਅ ਲਈ ਅਜਿਹੀ ਸਾਵਧਾਨੀ ਅਪਨਾਉਣ ਵਾਲਾ ਇਟਲੀ ਪਹਿਲਾ ਦੇਸ਼ ਹੈ।