ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਕਰੀਬ 1 ਅਰਬ ਜਾਨਵਰਾਂ ਦੀ ਹੋ ਚੁੱਕੀ ਮੌਤ
,
ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਲਗਭਗ 1 ਅਰਬ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜ਼ਖਮੀ ਹਨ। ਸਥਾਨਕ ਫਾਇਰ ਫਾਈਟਰਜ਼ ਮੁਤਾਬਕ ਜ਼ਮੀਨੀ ਪੱਧਰ 'ਤੇ ਜੰਗਲੀ ਜਾਨਵਰਾਂ ਦੀ ਸਥਿਤੀ ਬੇਹੱਦ ਖਰਾਬ ਹੈ। ਸਾਊਥ ਕੰਗਾਰੂ ਟਾਪੂ 'ਤੇ ਜਾਨਵਰਾਂ ਦੇ ਬਚਾਅ ਤੇ ਰਾਹਤ ਲਈ ਆਫਤ ਮਿਸ਼ਨ ਸ਼ੁਰੂ ਕਰਦਿਆਂ ਸੋਮਵਾਰ ਨੂੰ ਇਕ ਟੀਮ ਗਠਿਤ ਕੀਤੀ ਗਈ ਹੈ।
ਪਸ਼ੂ ਕਲਿਆਣ ਸੰਗਠਨ ਹਿਊਮਨ ਸੋਸਾਇਟੀ ਇੰਟਰਨੈਸ਼ਨਲ ਵਲੋਂ ਗਠਿਤ ਟੀਮ 'ਚ ਝੁਲਸੇ, ਧੂੰਏਂ ਕਾਰਨ ਪ੍ਰਭਾਵਿਤ ਅਤੇ ਭਿਆਨਕ ਅੱਗ ਕਾਰਨ ਸਦਮੇ 'ਚ ਆਏ ਜਾਨਵਰਾਂ ਦੀ ਮਦਦ ਕਰ ਰਹੀ ਹੈ।ਟੀਮ ਬਚੇ ਹੋਏ ਜਾਨਵਰਾਂ ਦੇ ਪਾਣੀ ਤੇ ਖਾਣਯੋਗ ਪਦਾਰਥਾਂ ਲਈ ਕੇਂਦਰ ਵੀ ਬਣਾਵੇਗੀ। ਟੀਮ ਦੇ ਅਧਿਕਾਰੀ ਕੇਲੀ ਡੋਨਿਥਾਨ ਨੇ ਅੱਗ ਕਾਰਨ ਜਾਨਵਰਾਂ ਦੀ ਹੋਈ ਦਰਦਨਾਕ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਥਿਤੀ ਬੇਹੱਦ ਗੰਭੀਰ ਹੈ। ਜਾਨਵਰ ਬਚਾਅ ਕਰਮਚਾਰੀ ਵਜੋਂ ਮੈਨੂੰ ਕਈ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਤਕ ਸਾਡੀ ਨਜ਼ਰ ਜਾ ਰਹੀ ਹੈ ਉੱਥੇ-ਉੱਥੇ ਝੁਲਸ ਕੇ ਮਰੇ ਜਾਨਵਰਾਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ।