ਆਸਟ੍ਰੇਲੀਆ ਜੰਗਲੀ ਅੱਗ ਕਾਰਨ ਪ੍ਰੇਸ਼ਾਨ ਲੋਕਾਂ ਨੂੰ ਮਿਲੇਗਾ ਮਾਨਸਿਕ ਸਿਹਤ ਲਈ ਫੰਡ

,

ਆਸਟ੍ਰੇਲੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਜੰਗਲੀ ਅੱਗ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਏ ਲੋਕਾਂ ਲਈ 76 ਮਿਲੀਅਨ ਆਸਟ੍ਰੇਲੀਅਨ ਡਾਲਰ ਖਰਚ ਕਰੇਗੀ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਇਸ ਫੰਡ ਦੀ ਵਰਤੋਂ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਛੁਟਕਾਰਾ ਦੁਆਉਣ ਲਈ ਕਾਊਂਸਲਿੰਗ ਸੈਸ਼ਨ, ਸਿਹਤ ਸਲਾਹ ਅਤੇ ਮੈਡੀਕੇਅਰ ਤੋਂ 10 ਸਾਈਕੋਲੋਜੀਕਲ ਥੈਰੇਪੀ ਸੈਸ਼ਨ ਕਰਵਾਉਣ ਲਈ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਆਸਟ੍ਰੇਲੀਆ 'ਚ ਲੋਕਾਂ ਨੂੰ ਅਜਿਹੇ ਰਾਹਤ ਪੈਕੇਜ ਨਹੀਂ ਮਿਲੇ ਸਨ ਪਰ ਇਸ ਵਾਰ ਉਹ ਅਜਿਹਾ ਕਰਨਗਾ। ਆਸਟ੍ਰੇਲੀਆ 'ਚ ਜੰਗਲੀ ਅੱਗ ਕਾਰਨ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 2000 ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਸਿਹਤ ਮੰਤਰੀ ਗਰੈੱਗ ਹੰਟ ਨੇ ਦੱਸਿਆ ਕਿ ਇਸ ਤਰ੍ਹਾਂ ਲੋਕਾਂ ਨੂੰ ਕਾਫੀ ਹਦ ਤਕ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਮੁੜ ਵਸੇਵੇਂ ਲਈ ਵੀ ਆਰਥਿਕ ਮਦਦ ਦਿੱਤੀ ਜਾਵੇਗੀ।