ਤੰਦਰੁਸਤ ਰਹਿਣ ਲਈ ਕਿਸ਼ੋਰੀਆਂ ਅਤੇ ਔਰਤਾਂ ਦੀ ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਬਹੁਤ ਜਰੂਰੀ-ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਡਾ. ਨਵਜੋਤ ਕੌਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਵਿਸ਼ਵ ਮੈਨਸਟੁਅਲ ਹਾਈਜੀਨ ਦਿਵਸ ਸੰਬੰਧੀ ਦਫਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਆਸ਼ਾ ਵਰਕਰਾਂ ਅਤੇ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਸਟਾਫ਼ ਨੇ ਭਾਗ ਲਿਆ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਨੇ ਕਿਹਾ ਕਿ ਹਰ ਸਾਲ 28 ਮਈ ਨੂੰ ਵਿਸ਼ਵ ਮੈਨਸਟੁਅਲ ਹਾਈਜੀਨ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਕਿਸ਼ੋਰੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਾਫ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਉਨ੍ਹਾ ਕਿਹਾ ਕਿ 11 ਤੋਂ 19 ਸਾਲ ਤੱਕ ਦੀਆਂ ਕੁੜੀਆਂ ਅਤੇ ਔਰਤਾਂ ਦੀ ਸਿਹਤ ਲਈ ਮਾਹਵਾਰੀ ਨਾਲ ਜੁੜੀਆਂ ਗਲਤ ਧਾਰਨਾਵਾਂ ਅਤੇ ਮਿੱਥਾਂ ਨੂੰ ਦੂਰ ਕਰਨਾ ਬਹੁਤ ਜਰੂਰੀ ਹੈ ਅਤੇ ਅੱਜ ਦੇ ਸਮੇਂ ਵਿੱਚ ਕੁੜੀਆਂ ਵਿੱਚ ਘੁੰਮਣ ਫਿਰਨ ਦੀ ਆਜ਼ਾਦੀ ਅਤੇ ਉਹਨਾਂ ਦੇ ਨਿੱਜੀ ਸੁੱਖ ਦੀ ਨਜ਼ਰ ਤੋਂ ਮਾਹਵਾਰੀ ਸੰਬੰਧਿਤ ਸਿਹਤ ਸਿੱਖਿਆ ਮਹੱਤਵਪੂਰਨ ਹੈ।
ਇਸ ਮੌਕੇ ਡਾ. ਕੁਲਤਾਰ ਸਿੰਘ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਦੱਸਿਆ ਕਿ ਮਾਹਵਾਰੀ ਦੌਰਾਨ ਸਾਫ਼ ਸਫ਼ਾਈ ਨਾ ਰੱਖਣ ਕਰਕੇ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਅਸੀਂ ਕੁੜੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਾਂਗੇ ਤਾਂ ਸਕੂਲਾਂ ਵਿੱਚ ਕੁੜੀਆਂ ਦੀ ਗਿਣਤੀ ਵਿੱਚ ਅਤੇ ਹਾਜ਼ਰੀ ਵਿੱਚ ਵਾਧਾ ਹੋਵੇਗਾ। ਇਸ ਮੌਕੇ ਡਾ. ਸਿਮਰਦੀਪ ਕੌਰ ਔਰਤ ਰੋਗਾਂ ਦੇ ਮਾਹਿਰ ਨੇ ਮਾਰਵਾਰੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਧਾਨ ਬਾਰੇ ਦੱਸਿਆ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਕਿਸ਼ੋਰੀਆਂ ਵਿੱਚ ਪਹਿਲੀ ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਿੱਖਿਆ ਦਿੱਤੀ ਜਾਵੇ ਤਾਂ ਜੋ ਪਹਿਲੀ ਮਾਹਵਾਰੀ ਸਮੇਂ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਿਵਪਾਲ ਸਿੰਘ ਡੀ.ਸੀ.ਐਮ. ਸ੍ਰੀਮਤੀ ਸਾਲੂ ਸਕੂਲ ਗੈਲਥ ਕੋਆਰਡੀਨੇਟਰ, ਭਗਵਾਨ ਦਾਸ ਲਾਲ ਚੰਦ ਜ਼ਿਲ੍ਹਾ ਹੈੱਲਥ ਇੰਸਪੈਕਟਰ, ਭੁਪਿੰਦਰ ਸਿੰਘ ਸਟੈਨੋ ਬਹਿਰ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਆਸ਼ਾ ਵਰਕਰ ਹਾਜ਼ਿਰ ਸਨ। Author : Malout Live