ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਾਕਾ ਲਗਾ ਕੇ ਕੀਤੀ ਗਈ ਵਾਹਨਾਂ ਦੀ ਚੈਕਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਸੂਬੇ ਅੰਦਰ ਚਲਾਈ ਗਈ ਸ਼ਰਾਰਤੀ ਅਨਸਰਾਂ ਖਿਲਾਫ਼ ਮੁਹਿੰਮ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਏ ਜਾ ਰਹੇ ਹਨ ਅਤੇ ਨਾਲ ਹੀ ਸ਼ਹਿਰ ਅੰਦਰ ਨਾਕੇ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਸ. ਸਤਨਾਮ ਸਿੰਘ ਵਿਰਕ ਡੀ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਗੁਰੂ ਨਾਨਕ ਕਾਲਜ ਦੇ ਨਜ਼ਦੀਕ ਟੀ ਪੁਆਇੰਟ ਤੇ ਮੋਬਾਇਲ ਨਾਕਾ ਲਗਾ ਕੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ ਵੀ ਹਾਜ਼ਿਰ ਸਨ।
ਇਸ ਮੌਕੇ ਡੀ.ਐੱਸ.ਪੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟੀ ਪੁਆਇੰਟ ਨੂੰ ਆਉਣ/ਜਾਣ ਵਾਲੇ ਰਸਤਿਆਂ ਨੂੰ ਪੁਲਿਸ ਵੱਲੋਂ ਸੀਲ ਕੀਤਾ ਗਿਆ, ਟੀ ਪੁਆਇੰਟ ਤੇ ਨਾਕਾਬੰਦੀ ਕੀਤੀ ਗਈ ਅਤੇ ਸ਼ੱਕੀ ਪੁਰਸ਼ਾਂ, ਸ਼ੱਕੀ ਵਾਹਨਾਂ ਨੂੰ ਚੈੱਕ ਕੀਤਾ ਗਿਆ। ਉਨਾਂ ਦੱਸਿਆ ਕਿ ਮੋਬਾਇਲ ਵਾਹਨ ਐਪ ਦੀ ਵਰਤੋਂ ਕਰਕੇ ਚੋਰੀ ਦੇ ਵਾਹਨਾਂ ਨੂੰ ਚੈੱਕ ਕੀਤਾ ਗਿਆ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਪਾਸੋਂ ਕੋਈ ਸ਼ੱਕੀ ਚੀਜ਼ ਜਾਂ ਕੋਈ ਨਸ਼ੀਲੀ ਚੀਜ਼ ਬਰਾਮਦ ਹੁੰਦੀ ਹੈ, ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਤਰ੍ਹਾਂ ਦੇ ਮੋਬਾਇਲ ਨਾਕੇ ਅੱਗੇ ਵੀ ਲੱਗਦੇ ਰਹਿਣਗੇ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈੱਲਪਲਾਈਨ ਨੰਬਰ 8054942100 ਤੇ ਕਾਲ ਰਾਹੀਂ ਜਾਂ ਵੱਟਸਐਪ ਮੈਸੇਜ ਰਾਹੀਂ ਦੇ ਸਕਦੇ ਹੋ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। Author: Malout Live