ਸ.ਸ.ਸ.ਸਕੂਲ ਡੱਬਵਾਲੀ ਢਾਬ ਵਿਖੇ ਸ਼ਾਨਦਾਰ ਅੰਦਾਜ਼ ਨਾਲ ਮਨਾਇਆ ਅਧਿਆਪਕ ਦਿਵਸ ਅਤੇ ਬਲਾਕ ਪੱਧਰੀ ਮਕਾਬਲੇ ਵਿੱਚ ਸਕੂਲ ਦਾ ਝੰਡਾ ਰੱਖਿਆ ਬੁਲੰਦ

ਮਲੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵਿਖੇ ਅੱਜ ਅਧਿਆਪਕ ਦਿਵਸ ਸ਼ਾਨਦਾਰ ਅੰਦਾਜ ਵਿੱਚ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਦੀ ਸ਼ੁਰੂਆਤ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਜਨ ਗਰੋਵਰ ਵੱਲੋਂ ਸਮੂਹ ਸਟਾਫ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਦੌਰਾਨ ਪੰਜਾਬੀ ਲੈਕਚਰਾਰ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਪੰਜਾਬੀ ਅਧਿਆਪਕ ਸ਼੍ਰੀਮਤੀ ਬੇਅੰਤ ਕੌਰ ਨੇ ਆਪਣੇ ਕਿੱਤੇ ਪ੍ਰਤੀ ਸਮਰਪਣ ਨੂੰ ਦਰਸਾਉਂਦਿਆ ਕਵਿਤਾਵਾਂ ਪੇਸ਼ ਕੀਤੀਆਂ। ਇਸਤੋਂ ਬਾਅਦ ਵਿਦਿਆਰਥੀਆਂ ਦੁਆਰਾ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਸਮੂਹ ਸਟਾਫ ਨੂੰ ਤੋਹਫੇ ਦਿੱਤੇ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਕਾਫੀ ਖੁਸ਼ ਨਜ਼ਰ ਆਏ। ਖੇਡਾਂ ਵਤਨ ਦੀਆਂ ਪੰਜਾਬ ਤਹਿਤ ਬਲਾਕ ਪੱਧਰੀ ਐਥਲੈਟਿਕਸ ਮੀਟਰ ਉਮਰ 50-60 ਸਾਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲੀ ਢਾਬ ਵੱਲੋਂ ਲੈਕਚਰਾਰ ਅੰਗੇਰਜ਼ੀ ਸ਼੍ਰੀ ਦਿਨੇਸ਼ ਕੁਮਾਰ ਨੇ ਭਾਗ ਲਿਆ। ਉਨ੍ਹਾਂ ਨੇ 800 ਮੀਟਰ ਦੌੜ ਵਿੱਚ ਦੂਜਾ ਸਥਾਨ ਅਤੇ 3000 ਮੀਟਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਵਿਦਿਆਰਥੀਆਂ ਤੇ ਇਲਾਕੇ ਦੇ ਲੋਕਾਂ ਲਈ ਮਿਸਾਲ ਕਾਇਮ ਕੀਤੀ।

ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਰਾਜਨ ਗਰੋਵਰ, ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ ਵੱਲੋ ਸ਼੍ਰੀ ਦਿਨੇਸ਼ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਇਸੇ ਤਰ੍ਹਾਂ ਵਿਦਿਆਰਥੀਆਂ ਨੇ ਵੀ ਬਲਾਕ ਪੱਧਰੀ ਮੁਕਾਬਲੇ ਵਿੱਚ ਸਕੂਲ ਦਾ ਝੰਡਾ ਬੁਲੰਦ ਰੱਖਿਆ। ਸਕੂਲ ਦੇ ਲਾਇਬਰੇਰੀਅਨ ਸ. ਗੁਰਇਕਬਾਲ ਸਿੰਘ ਅਤੇ ਐੱਸ.ਐੱਲ.ਏ ਟਹਿਲ ਸਿੰਘ ਦੀ ਯੋਗ ਅਗਵਾਈ ਸਦਕਾ ਬਾਰਵੀਂ ਜਮਾਤ ਦੀ ਵਿਦਿਆਰਥਣ ਕੋਮਲ ਕੌਰ ਨੇ 200 ਮੀਟਰ ਦੌੜਾਂ ਵਿੱਚ ਪਹਿਲਾ ਸਥਾਨ, ਜਸ਼ਨਦੀਪ ਕੌਰ ਨੇ 400 ਮੀਟਰ ਦੌੜਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜਿਕਰਯੋਗ ਹੈ ਕਿ ਇਸ ਸਕੂਲ ਦੇ ਵਿੱਚ ਪੀ.ਟੀ.ਆਈ ਜਾਂ ਡੀ.ਪੀ.ਆਈ ਦੀ ਕੋਈ ਆਸਾਮੀ ਨਹੀ ਹੈ ਅਤੇ ਇਸ ਹਾਲਾਤ ਵਿੱਚ ਵੀ ਵਿਦਿਆਰਥੀਆਂ ਦੀ ਮਿਹਨਤ ਸਦਕਾ ਪ੍ਰਾਪਤ ਕੀਤੀ ਸਫਲਤਾ ਕਰਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜਨ ਗਰੋਵਰ ਦੁਆਰਾ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਿਲ੍ਹਾ ਪੱਧਰੀ ਮੁਕਾਬਲਿਆਂ ਲਈ ਹੋਰ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆ।

Author: Malout Live