ਪਿੰਡ ਕੋਟਭਾਈ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ
ਮਲੋਟ: ਪਿੰਡ ਕੋਟਭਾਈ ਵਿਖੇ ਵਿਸ਼ਵ ਵਾਤਾਵਰਨ ਦਿਵਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਅਤੇ ਰੀਵਾਈਵਿੰਗ ਗਰੀਨ ਰੈਵੋਲਿਯੂਸ਼ਨ ਸੈੱਲ ਵੱਲੋਂ ਸਾਂਝੇ ਤੌਰ ਤੇ ਸ਼ਮੂਲੀਅਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪਿੰਡ ਦੇ ਲਗਭਗ 200 ਸੂਝਵਾਨ ਕਿਸਾਨ ਵੀਰਾਂ, ਬੀਬੀਆਂ ਅਤੇ ਬੱਚਿਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੌਰਾਨ ਡਾ. ਕਰਮਜੀਤ ਸ਼ਰਮਾ, ਇੰਚਾਰਜ, ਕੇ.ਵੀ.ਕੇ. ਸ਼੍ਰੀ ਮੁਕਤਸਰ ਸਾਹਿਬ ਨੇ ਵਿਸ਼ਵ ਵਾਤਾਵਰਨ ਦਿਵਸ ਦੀ ਅਹਿਮੀਅਤ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਲਈ ਜਾਗਰੂਕਤਾ ਦਾ ਪਸਾਰ ਕਰਨਾ ਮੌਜੂਦਾ ਸਮੇਂ ਦੀ ਅਹਿਮ ਜ਼ਰੂਰਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਸਾੜਣ ਨਾਲ ਵਾਤਾਵਰਨ, ਸਿਹਤ ਅਤੇ ਜ਼ਮੀਨ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਦੇ ਸਹੀ ਢੰਗ ਨਾਲ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਅਪੀਲ ਕੀਤੀ। ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫਸਲ ਵਿਗਿਆਨ)
ਨੇ ਕਿਸਾਨਾਂ ਨੂੰ ਦੱਸਿਆ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕਰਨ ਵਿੱਚ ਕਿਸਾਨ ਵੀਰ ਸੁਚੱਜੇ ਢੰਗ ਨਾਲ ਖੇਤੀ ਕਰਕੇ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਇਸਦੇ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਨਾਉਣ, ਸੁਚੱਜੇ ਢੰਗ ਨਾਲ ਕੁਦਰਤੀ ਸਰੋਤਾਂ ਦੀ ਵਰਤੋਂ ਕਰਨ ਅਤੇ ਖੇਤੀ ਰਸਾਇਣਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਰੀਵਾਈਵਿੰਗ ਗ੍ਰੀਨ ਰੈਵੋਲਿਯੂਸ਼ਨ ਸੈੱਲ ਤੋਂ ਸ਼੍ਰੀ ਅਮਨਜੀਤ ਸਿੰਘ ਨੇ ਕਿਸਾਨਾਂ ਨੂੰ ਇਸ ਟਰੱਸਟ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸ. ਮਨਪ੍ਰੀਤ ਸਿੰਘ ਰੇਂਜ ਅਫ਼ਸਰ, ਵਣ ਅਤੇ ਕੁਦਰਤੀ ਜੀਵ ਸੁਰੱਖਿਆ ਵਿਭਾਗ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਵਾਸਤੇ ਪ੍ਰੇਰਿਤ ਕਰਨ ਲਈ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਹੀ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਜੰਗਲਾਤ ਅਤੇ ਫ਼ਲਦਾਰ ਵਾਲੇ ਬੂਟੇ ਵੰਡੇ ਗਏ। ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਕਿਸਾਨ ਵੀਰਾਂ ਵੱਲੋਂ ਖੇਤੀ ਅਤੇ ਹੋਰ ਮਸਲਿਆਂ ਸੰਬੰਧੀ ਸਵਾਲ ਕੀਤੇ ਗਏ ਅਤੇ ਮਾਹਿਰਾਂ ਵੱਲੋਂ ਮੌਕੇ ਤੇ ਜਵਾਬ ਦਿੱਤੇ ਗਏ। Author: Malout Live