ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਵ-ਜਨਮੇ ਬੱਚਿਆਂ ਦੇ ਮਾਤਾ-ਪਿਤਾ ਨੂੰ ਰੁੱਖ ਵੰਡ ਕੇ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਦਸ਼ਮੇਸ਼ ਹਰਿਆਵਲ ਲਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਵ-ਜਨਮੇ ਬੱਚਿਆਂ ਦੇ ਮਾਤਾ-ਪਿਤਾ ਨੂੰ ਰੁੱਖ ਵੰਡ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਸਮੇਂ ਡਾ. ਬੰਦਨਾ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। UNO ਵੱਲੋਂ ਇਸ ਸਾਲ ਦਾ ਥੀਮ “ਪਲਾਸਟਿਕ ਪ੍ਰਦੂਸ਼ਣ ਨੂੰ ਹਰਾਈਏ” ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਅਤੇ ਦਹਾਕਿਆਂ ਲਈ ਨੁਕਸਾਨਦੇਹ ਹੈ। ਪਲਾਸਟਿਕ ਦੀਆਂ ਬੋਤਲਾਂ ਨਸ਼ਟ ਹੋਣ ਲਈ 450 ਸਾਲ, ਪਲਾਸਟਿਕ ਸਟ੍ਰਾਸ ਨਸ਼ਟ ਹੋਣ ਲਈ 200 ਸਾਲ ਅਤੇ ਪਲਾਸਟਿਕ ਦੇ ਲਿਫਾਫੇ ਨਸ਼ਟ ਹੋਣ ਲਈ 20 ਸਾਲ ਲੱਗਦੇ ਹਨ। ਸਾਡੀ ਧਰਤੀ ਸਾਡੀ ਜਿੰਮੇਵਾਰੀ ਹੈ ਇਸ ਲਈ ਸਾਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਸ. ਸੁਰਜੀਤ ਸਿੰਘ ਸੰਧੂ ਚੇਅਰਮੈਨ ਮਾਰਕਿਟ ਕਮੇਟੀ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਕਿਹਾ ਕਿ ਇਹ ਦਿਨ ਮਨਾਉਣ ਦਾ ਮੁੱਖ ਮਕਸਦ ਆਪਣੇ ਵਾਤਾਵਰਣ ਦੀ ਸੰਭਾਲ ਕਰਨ ਅਤੇ ਵੱਧ ਤੋ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਕਰਨਾ ਹੈ। ਇਸ ਮੌਕੇ ਸ. ਗੁਰਨਿਸ਼ਾਨ ਸਿੰਘ ਪ੍ਰਧਾਨ ਦਸ਼ਮੇਸ਼ ਹਰਿਆਵਲ ਲਹਿਰ ਨੇ ਸ਼ੁੱਧ ਵਾਤਾਵਰਣ ਦੇ ਮਨੁੱਖੀ ਜੀਵਨ ਵਿੱਚ ਮਹੱਤਵ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਬਹਾਲੀ,ਜੋ ਕਿ ਮਨੁੱਖ ਦੁਆਰਾ ਜੰਗਲਾਂ,ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਣ ਨੂੰ ਪੁਨਰਜੀਵਤ ਕਰਨ ਤੇ ਕੇਂਦਰਿਤ ਹੈ।

ਸਾਨੂੰ ਆਲੇ ਦੁਆਲੇ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ,ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਕੇ,ਪਾਣੀ ਦੀ ਦੁਰਵਰਤੋਂ ਘੱਟ ਕਰਕੇ,ਊਰਜਾ ਕੁਸ਼ਲ ਉਪਕਰਨਾਂ ਦੀ ਵਰਤੋਂ ਕਰਕੇ,ਆਪਣੇ ਨਿੱਜੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਨਾ ਕਰਕੇ ਜਨਤਕ ਆਵਾਜਾਈ ਦੀ ਵਰਤੋਂ ਕਰਕੇ,ਅਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਫਿਰ ਤੋਂ ਤਾਜ਼ਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਆਪਣੀ ਜਗ੍ਹਾ ਵਿੱਚ ਰੁੱਖ ਲਗਾਉਣ ਚਾਹੁੰਦਾ ਹੈ ਤਾਂ ਉਨ੍ਹਾ ਨਾਲ ਸੰਪਰਕ ਕਰ ਸਕਦਾ ਹੈ ਉਨ੍ਹਾਂ ਵੱਲੋਂ ਰੁੱਖ ਅਤੇ ਟਰੀਗਾਰਡ ਮੁਫਤ ਲਗਾਏ ਜਾਣਗੇ। ਇਸ ਮੌਕੇ ਭੁਪਿੰਦਰਜੀਤ ਕੌਰ SMO ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਕੋਰੋਨਾ ਦੀ ਮਹਾਂਮਾਰੀ ਦੌਰਾਨ ਦੁਨੀਆਂ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਦੇਖੀ ਹੈ ਅਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫਾ ਹਨ, ਜਿਸ ਨੁੰ ਅਸੀ ਭੁੱਲ ਗਏ ਹਾਂ। ਇਸ ਮੌਕੇ ਡਾ. ਸਿਮਰਦੀਪ ਕੌਰ ਔਰਤ ਰੋਗਾਂ ਦੇ ਮਾਹਿਰ ਨੂੰ ਇਕ ਰੁੱਖ ਦੀ ਜਿੰਮੇਵਾਰੀ ਦਿੱਤੀ ਗਈ ਅਤੇ ਇਹ ਫੈਸਲਾ ਕੀਤਾ ਗਿਆ ਕਿ ਅੱਜ ਤੋਂ ਬਾਅਦ ਜਿੰਨ੍ਹੇ ਵੀ ਬੱਚੇ ਸਿਵਲ ਹਸਤਪਾਲ ਵਿਖੇ ਜਨਮ ਲੈਣਗੇ ਉਨ੍ਹਾਂ ਦੇ ਮਾਤਾ-ਪਿਤਾ ਇੱਕ ਰੁੱਖ ਦੇ ਕੇ ਇਸ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਡਾ. ਪਰਮਦੀਪ ਸਿੰਘ ਸੰਧੂ,ਡਾ. ਆਲਮਜੀਤ ਸਿੰਘ,ਡਾ. ਗੁਰਵੀਰ ਕੌਰ,ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ,ਲਾਲ ਚੰਦ,ਭਗਵਾਨ ਦਾਸ ਜਿਲ਼੍ਹਾ ਹੈਲਥ ਇੰਸਪੈਕਟਰ,ਰਵੀ ਸਿੰਗਲਾ,ਸੁਨੀਤਾ ਰਾਣੀ,ਅਨੀਤਾ ਰਾਣੀ ਅਤੇ ਨਵ-ਜਨਮੇਂ ਬੱਚਿਆਂ ਦੇ ਮਾਤਾ-ਪਿਤਾ ਹਾਜ਼ਿਰ ਸਨ। Author: Malout Live