ਪਰਮਿੰਦਰ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਪਰਮਿੰਦਰ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟੀਕਰਨ ਮੰਗਿਆ ਗਿਆ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਰਮਿੰਦਰ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇੱਕ ਚਿੱਠੀ ਵਿੱਚ ਲਿਖਿਆ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੇ ਤੋਂ ਬਤੌਰ ਸਾਬਕਾ ਕੈਬਨਿਟ ਮੰਤਰੀ ਰਹਿੰਦਿਆਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਸ ਸੰਬੰਧੀ ਸਪੱਸ਼ਟੀਕਰਨ ਦੇਣ ਲਈ ਮੈਂ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਰਿਹਾ ਹਾਂ ਅਤੇ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੇ ਰੁਤਬੇ-ਅਹੁਦੇ ਤਿਆਗ ਕੇ ਇਕ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਵਾਂ। ਇਸ ਕਰਕੇ ਆਪ ਜੀ ਵੱਲੋਂ ਦਿੱਤੇ ਹੋਏ ਪ੍ਰਜ਼ੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾਂ ਹਾਂ।

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਈ ਤੁਹਾਡਾ ਜਾਂ ਪ੍ਰਜ਼ੀਡੀਅਮ ਦਾ ਜੋ ਵੀ ਫ਼ੈਸਲਾ ਹੋਵੇਗਾ, ਮੈਂ ਦਿਨ-ਰਾਤ ਉਸ 'ਤੇ ਪਹਿਰਾ ਦੇ ਕੇ ਉਸ ਨੂੰ ਵਰਕਰ ਦੇ ਤੌਰ 'ਤੇ ਨਿਭਾਵਾਂਗਾ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਵੀ ਲਿਖਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੇ ਕੋਲੋਂ ਬਤੌਰ ਕੈਬਨਿਟ ਮੰਤਰੀ ਸਪੱਸ਼ਟੀਕਰਨ ਮੰਗਿਆ ਹੈ। ਮੈਂ 9 ਸਤੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਪੱਸ਼ਟੀਕਰਨ ਦੇਣ ਲਈ ਪੇਸ਼ ਹੋ ਰਹੀ ਹਾਂ। ਮੈਂ ਆਪਣੀ ਪਾਰਟੀ ਦੇ ਸਾਰੇ ਰੁਤਬੇ ਛੱਡ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੇਸ਼ ਹੋਵਾਂਗੀ। ਉਨਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਸਲਾਹਾਕਾਰ ਅਤੇ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ ਹੈ। ਮੈਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੀ ਹਾਂ ਤਾਂ ਜੋ ਮੈਂ ਇਕ ਸਧਾਰਨ ਸਿੱਖ ਦੇ ਤੌਰ 'ਤੇ ਪੇਸ਼ ਹੋ ਕੇ ਆਪਣੀਆਂ ਮਨੋ ਭਾਵਨਾਵਾਂ ਦਰਸਾ ਸਕਾਂ।

Author : Malout Live