ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਐਕਸਾਈਜ਼ ਵਿਭਾਗ ਦੇ ਨਾਲ ਸਾਂਝੇ ਤੌਰ ਤੇ ਕੀਤਾ ਗਿਆ ਸਰਚ ਆਪਰੇਸ਼ਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ ਪੰਜਾਬ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਪੰਜਾਬ ਅੰਦਰ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਦੀਆਂ ਹਦਾਇਤਾਂ ਅਨੁਸਾਰ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਏਰੀਏ ਵਿੱਚ ਐਕਸਾਈਜ਼ ਵਿਭਾਗ ਦੇ ਨਾਲ ਸਾਂਝੇ ਤੌਰ ਸਰਚ ਆਪਰੇਸ਼ਨ ਚਲਾਇਆ ਗਿਆ। ਇਹ ਸਰਚ ਅਭਿਆਨ ਸ. ਸਤਨਾਮ ਸਿੰਘ ਡੀ.ਐੱਸ.ਪੀ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਐੱਸ.ਆਈ ਵਰੁਣ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਅਤੇ ਐਕਸਾਈਜ਼ ਇੰਸਪੈਕਟਰ ਦੀਪਇੰਦਰ ਸਿੰਘ ਤੋ ਇਲਾਵਾ 50 ਦੇ ਕਰੀਬ ਪੁਲਿਸ ਮੁਲਾਜ਼ਮਾਂ ਹਾਜ਼ਿਰ ਸਨ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸ਼੍ਰੀ ਮੁਕਤਸਰ ਸਾਹਿਬ ਦੇ ਏਰੀਏ ਵਿੱਚ ਕੋਟਲੀ ਰੋਡ ਨਜ਼ਦੀਕ ਸਰਚ ਆਪਰੇਸ਼ਨ ਚਲਾਇਆ ਗਿਆ।

ਇਸ ਮੌਕੇ ਸ. ਸਤਨਾਮ ਸਿੰਘ ਡੀ.ਐੱਸ.ਪੀ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਦੇ ਏਰੀਏ ਵਿੱਚ ਸਰਚ ਕੀਤਾ ਗਿਆ। ਇਸ ਸਰਚ ਆਪਰੇਸ਼ਨ ਦੌਰਾਨ ਏਰੀਏ ਨੂੰ ਨਾਕਾਬੰਦੀ ਕਰ ਬਾਹਰ ਅਤੇ ਅੰਦਰ ਆਉਣ ਵਾਲੇ ਰਸਤਿਆ ਨੂੰ ਸੀਲ ਕੀਤਾ ਗਿਆ ਅਤੇ ਜਿੰਨ੍ਹਾਂ ਵਿਅਕਤੀਆਂ ਤੇ ਪਹਿਲਾਂ ਹੀ ਐੱਨ.ਡੀ.ਪੀ.ਐੱਸ ਦੇ ਮੁਕੱਦਮੇ ਦਰਜ ਹਨ ਅਤੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਹਨ, ਉਨ੍ਹਾਂ ਘਰਾਂ/ਥਾਵਾਂ ਤੇ ਪੁਲਿਸ ਵੱਲੋਂ ਰੇਡ ਕਰ ਸਰਚ ਕੀਤਾ ਗਿਆ। ਉਹਨਾਂ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀ.ਐੱਸ.ਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ੇ ਵੇਚਣ ਦਾ ਕੰਮ ਕਰਦਾ ਹੈ ਤਾਂ ਇਸ ਦੀ ਜਾਣਕਾਰੀ ਸਾਨੂੰ ਸਾਡੇ ਹੈਲਪਲਾਇਨ ਨੰਬਰ 80549-42100 ਤੇ ਦਿਓ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। Author: Malout Live