ਸ਼੍ਰੀ ਮੁਕਤਸਰ ਸਾਹਿਬ:- ਪਿਛਲੇ ਲੰਬੇ ਸਮੇਂ ਤੋਂ ਅਧੂਰੇ ਪਏ ਬੂੜਾ ਗੁੱਜਰ ਫਲਾਈਓਵਰ ਦੇ ਕੰਮ ਨੂੰ ਖਾਮੀਆਂ ਦੂਰ ਕਰ ਕੇ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇਗਾ ਅਤੇ ਜਨਤਾ ਦੇ ਸਹਿਯੋਗ ਨਾਲ ਇਸ ਕੰਮ ਨੂੰ ਛੇਤੀ ਨੇਪਰੇ ਚਾੜਿਆ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਨੇ ਆਮ ਸ਼ਹਿਰੀਆਂ, ਐੱਨ.ਜੀ.ਓ ਦੇ ਨੁਮਾਇੰਦਿਆਂ ਅਤੇ ਸ਼੍ਰੀ ਮੁਕਤਸਰ ਸਾਹਿਬ ਨਗਰ ਨਿਗਮ ਦੇ ਪ੍ਰਧਾਨ ਸ਼ੰਮੀ ਤੇਰੀਆ ਦੀ ਹਾਜ਼ਰੀ ਵਿੱਚ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੁਲ ਦੇ ਹੇਠਾਂ ਦੀ ਰਸਤਾ ਦੇਣ ਦੀ ਮੰਗ ਅਤੇ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ ਅਤੇ ਕਿਹਾ ਕਿ ਜੇਕਰ ਨਿਯਮ ਇਜ਼ਾਜਤ ਦੇਣਗੇ ਤਾਂ ਲੋਕਾਂ ਦੀ ਮੰਗ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਜਟਿਲ ਕੰਮ ਨੂੰ ਨੇਪਰੇ ਚਾੜਨ ਵਿੱਚ ਜਨਤਾ ਦਾ ਸਹਿਯੋਗ ਬੜਾ ਅਹਿਮ ਹੈ ਅਤੇ ਖਾਸਕਰ ਜੇਕਰ ਆਸ-ਪਾਸ ਰਹਿ ਰਹੇ ਲੋਕ ਅਤੇ ਦੁਕਾਨਾਂ ਵਾਲੇ ਤਨਦੇਹੀ ਨਾਲ ਪੂਰਨ ਸਹਿਯੋਗ ਕਰਨ ਦਾ ਅਹਿਦ ਲੈਣ ਤਾਂ ਇਸ ਕੰਮ ਨੂੰ ਜਲਦ ਹੀ ਮੁਕੰਮਲ ਕਰਵਾ ਲਿਆ ਜਾਵੇਗਾ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 36 ਕਰੋੜ ਦੇ ਇਸ ਪ੍ਰੋਜੈਕਟ ਦਾ ਆਊਣ ਵਾਲੇ 6 ਤੋਂ 7 ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਆਸ ਹੈ । ਇਸ ਮੌਕੇ ਐੱਸ.ਡੀ.ਐੱਮ ਮੁਕਤਸਰ ਸ਼੍ਰੀਮਤੀ ਸਵਰਨਜੀਤ ਕੌਰ ਤੋਂ ਇਲਾਵਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਗੁਰਦੀਪ ਸਿੰਘ ਮਾਨ ਵੀ ਹਾਜ਼ਰ ਸਨ।
Author: Malout Live