ਸਿਹਤ ਵਿਭਾਗ ਵੱਲੋਂ ਮਨਾਇਆ ਜਾ ਰਿਹਾ ਹੈ ਵਿਸ਼ਵ ਆਬਾਦੀ ਪੰਦਰਵਾੜੇ- ਸਿਵਿਲ ਸਰਜਨ
ਸ਼੍ਰੀ ਮੁਕਤਸਰ ਸਾਹਿਬ/ ਮਲੋਟ:- ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਆਬਾਦੀ ਦਿਵਸ ਸੰਬੰਧੀ ਪੰਦਰਵਾੜੇ ਮਨਾਏ ਜਾ ਰਹੇ ਹਨ। ਇਸ ਸੰਬੰਧੀ ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵੱਲੋਂ 27 ਜੂਨ ਤੋਂ 10 ਜੁਲਾਈ ਤੱਕ ਦੰਪਤੀ ਸੰਪਰਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸਦੇ ਤਹਿਤ ਫੀਲਡ ਸਟਾਫ਼ ਵੱਲੋਂ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਘਰ-ਘਰ ਜਾ ਕੇ ਯੋਗ ਜੋੜਿਆਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ। ਜਿਹੜੇ ਯੋਗ ਜੋੜਿਆਂ ਦੇ 2 ਜਾਂ 2 ਤੋਂ ਵੱਧ ਬੱਚੇ ਹਨ, ਉਨ੍ਹਾਂ ਨੂੰ ਪਰਿਵਾਰ ਨਿਯੋਜਨ ਦੇ ਸਥਾਈ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਜਿਨ੍ਹਾਂ ਦੇ ਇੱਕ ਬੱਚਾ ਹੈ ਉਨ੍ਹਾ ਨੂੰ ਦੂਜੇ ਬੱਚੇ ਵਿੱਚ ਫਾਸਲਾ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਪਰਿਵਾਰ ਨਿਯੋਜਨ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ।
ਉਹਨਾਂ ਅੱਗੇ ਦੱਸਿਆ ਕਿ ਦੂਸਰਾ ਪੰਦਰਵਾੜਾ 11 ਜੁਲਾਈ ਤੋਂ 25 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ। ਜਿਸਦੇ ਤਹਿਤ ਵਿਸ਼ੇਸ਼ ਸੇਵਾਵਾਂ ਦੇ ਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਹਫਤੇ ਦੇ ਦਿਨ ਫਿਕਸ ਕਰਕੇ ਪਰਿਵਾਰ ਨਿਯੋਜਨ ਦੀਆਂ ਸਥਾਈ ਅਤੇ ਅਸਥਾਈ ਸਾਧਨ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਫੈਮਿਲੀ ਪਲੈਨਿੰਗ ਰਾਹੀਂ ਵੱਧਦੀ ਹੋਈ ਆਬਾਦੀ ਨੂੰ ਸਥਿਰ ਰੱਖਿਆ ਜਾ ਸਕਦਾ ਹੈ। ਜਿੱਥੇ ਇਸ ਨਾਲ ਪਰਿਵਾਰ ਆਰਥਿਕ ਤੌਰ ਤੇ ਮਜਬੂਤ ਹੋਣਗੇ, ਉੱਥੇ ਹੀ ਦੇਸ਼ ਦੇ ਕੁਦਰਤੀ ਸਾਧਨਾਂ ਦੀ ਵੀ ਸੰਭਾਲ ਹੋਵੇਗੀ। ਇਸ ਦੇ ਨਾਲ ਮਾਵਾਂ ਅਤੇ ਬੱਚਿਆਂ ਦੀ ਸਿਹਤ ਵੀ ਠੀਕ ਰਹੇਗੀ ਤੇ ਮਾਂ ਦੀ ਮੌਤ ਦਰ ਅਤੇ ਬੱਚਿਆਂ ਦੀ ਮੌਤ ਦਰ ਵੀ ਘਟੇਗੀ। ਅੱਜ ਸਾਡੇ ਦੇਸ਼ ਦੀ ਆਬਾਦੀ ਲਗਭਗ 135 ਕਰੋੜ ਹੈ। ਸਾਡੇ ਕੋਲ ਦੁਨੀਆ ਦੀ ਵਸੋਂ ਯੋਗ ਜ਼ਮੀਨ ਦਾ ਸਿਰਫ਼ 2% ਹੈ ਤੇ ਆਬਾਦੀ 20% ਹੈ। ਇਸੇ ਤਰ੍ਹਾਂ ਪੀਣ ਯੋਗ ਪਾਣੀ ਸਾਡੇ ਕੋਲ ਸਿਰਫ਼ 4% ਹੈ ਤੇ ਆਬਾਦੀ 20%, ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਹਾਲਤ ਕਿਸ ਤਰ੍ਹਾਂ ਦੀ ਹੈ ਅਤੇ ਭਵਿੱਖ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਅੱਜ ਬੇਰੋਜ਼ਗਾਰੀ, ਅਨਪੜ੍ਹਤਾ, ਕੁਪੋਸ਼ਣ, ਗ਼ਰੀਬੀ, ਕੱਟੜ੍ਹਤਾ ਆਦਿ ਹਰ ਸਮੱਸਿਆ ਦਾ ਮੂਲ ਕਾਰਨ ਵੱਧਦੀ ਜਾ ਰਹੀ ਆਬਾਦੀ ਹੈ। ਇਸ ਕਰਕੇ ਆਬਾਦੀ ਨੂੰ ਕੰਟਰੋਲ ਕਰਨ ਲਈ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
Author: Malout Live