ਸੀ.ਐੱਚ.ਸੀ ਚੱਕਸ਼ੇਰੇਵਾਲਾ ਵਿਖੇ ਸਿਹਤ ਮੇਲੇ ਦਾ 840 ਮਰੀਜਾਂ ਨੇ ਲਿਆ ਲਾਭ: ਡਾ ਰੰਜੂ ਸਿੰਗਲਾ ਸਿਵਲ ਸਰਜਨ
ਮਲੋਟ:- ਸਿਹਤ ਮੰਤਰੀ ਪੰਜਾਬ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਬੀਤੇ ਦਿਨ ਦੂਜਾ ਬਲਾਕ ਸਿਹਤ ਮੇਲਾ ਸੀ.ਐੱਚ.ਸੀ ਚੱਕਸ਼ੇਰੇਵਾਲਾ ਵਿਖੇ ਲਗਾਇਆ ਗਿਆ। ਇਸ ਮੇਲੇ ਵਿੱਚ ਡਾ. ਬਲਜੀਤ ਕੌਰ ਇਸਤਰੀ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨਣ ਸ਼ਾਮਿਲ ਹੋਏ। ਸ. ਜਗਦੀਪ ਸਿੰਘ ਕਾਕਾ ਬਰਾੜ ਐੱਮ.ਐੱਲ.ਏ ਸ਼੍ਰੀ ਮੁਕਤਸਰ ਸਾਹਿਬ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਰਾਜਦੀਪ ਕੌਰ ਬਤੌਰ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮੇਂ ਡਾ. ਰੰਜੂ ਸਿੰਗਲਾ ਸਿਵਲ ਸਰਜਨ, ਡਾ. ਕਿਰਨਦੀਪ ਕੌਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਸੁਨੀਲ ਬਾਂਸਲ ਜਿਲਾ ਟੀਕਾਕਰਣ ਅਫ਼ਸਰ, ਡਾ. ਕੁਲਤਾਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਡਾ. ਆਲਮਜੀਤ ਸਿੰਘ, ਡਾ. ਅਰਪਨਜੀਤ ਸਿੰਘ, ਡਾ. ਵਿਕਾਸ, ਡਾ. ਵਰੁਣ, ਡਾ. ਰੇਸ਼ਮ ਸਿੰਘ, ਡਾ. ਲਖਵੀਰ ਕੌਰ, ਡਾ. ਜਤਿੰਦਰਪਾਲ ਸਿੰਘ, ਡਾ. ਅਮਿਤਾ, ਡਾ. ਸੀਮਾ ਗੋਇਲ, ਡਾ. ਅਮਨਿੰਦਰ ਸਿੰਘ, ਡਾ. ਅਮਨਪ੍ਰੀਤ ਕੌਰ, ਸੁਖਮੰਦਰ ਸਿੰਘ, ਵਿਨੋਦ ਖੁਰਾਣਾ, ਸ਼ਿਵਪਾਲ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਮਨਬੀਰ ਸਿੰਘ ਹਾਜ਼ਿਰ ਸਨ। ਸੀ.ਐੱਚ.ਸੀ ਚੱਕਸ਼ੇਰੇਵਾਲਾ ਵਿਖੇ ਲਗਾਏ ਗਏ ਬਲਾਕ ਸਿਹਤ ਮੇਲੇ ਦਾ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ। ਉਹਨਾਂ ਸਿਹਤ ਮੇਲੇ ਵਿੱਚ ਲੱਗੇ ਸਾਰੇ ਕਾਊਂਟਰਾਂ ਤੇ ਜਾ ਕੇ ਜਾਣਕਾਰੀ ਲਈ ਅਤੇ ਕਿਹਾ ਕਿ ਬਲਾਕਾਂ ਵਿਖੇ ਲੱਗਣ ਵਾਲੇ ਸਿਹਤ ਮੇਲੇ ਬਜੁਰਗਾਂ, ਬੱਚਿਆਂ ਅਤੇ ਔਰਤਾਂ ਲਈ ਕਾਫੀ ਲਾਹੇਵੰਦ ਸਾਬਿਤ ਹੋ ਰਹੇ ਹਨ। ਇੱਕੋ ਥਾਂ ਤੇ ਵੱਖ-ਵੱਖ ਬਿਮਾਰੀਆ ਨਾਲ ਸੰਬੰਧਿਤ ਮਾਹਿਰ ਡਾਕਟਰਾਂ ਵੱਲੋਂ ਮਰੀਜਾਂ ਦੀ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦੇਣ ਨਾਲ ਮਰੀਜ਼ਾਂ ਦੇ ਸਮੇਂ ਦੀ ਕਾਫੀ ਬੱਚਤ ਹੋਵੇਗੀ। ਇਹ ਮੇਲੇ ਉਹਨਾਂ ਲੋਕਾਂ ਲਈ ਰਾਹਤ ਸਾਬਿਤ ਹੋਣਗੇ, ਜੋ ਕਿ ਕਿਸੇ ਵਜਾ ਕਰਕੇ ਹਸਪਤਾਲ ਨਹੀਂ ਜਾ ਸਕਦੇ। ਇਸ ਸਮੇਂ ਮੈਡਮ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਸਿਹਤ ਮੇਲੇ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ। ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਜਰੂਰਤਮੰਦ ਲੋਕਾਂ ਨੂੰ ਖੂਨ ਮੁਹੱਈਆਂ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਹਨਾ ਕਿਹਾ ਕਿ ਸਾਰਿਆ ਨੁੰ ਰੋਜ਼ਾਨਾ ਪੌਸ਼ਟਿਕ ਭੋਜਣ ਲੈਣਾ ਚਾਹੀਦਾ ਹੈ, ਜੰਕ ਫੂਡ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਹਰ ਰੋਜ਼ ਇੱਕ ਘੰਟਾ ਵਰਜ਼ਿਸ ਅਤੇ ਸੈਰ ਕਰਨੀ ਚਾਹੀਦੀ ਹੈ।
ਸਿਹਤ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੰਜੂ ਸਿੰਗਲਾ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੇਲੇ ਵਿੱਚ ਚਮੜੀ, ਅੱਖਾਂ, ਹੱਡੀਆਂ ਅਤੇ ਜੋੜਾਂ, ਸਰਜਰੀ, ਗਾਇਨੀ ਦੇ ਮਾਹਿਰ, ਜਨਰਲ, ਡਾਕਟਰਾਂ ਤੋਂ ਇਲਾਵਾ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ ਲਗਭਗ 840 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੈਬਾਟਰੀ ਟੈਸਟ, ਐਕਸ-ਰੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਆਯੂਰਵੈਦਿਕ ਵਿਭਾਗ ਵੱਲੋਂ ਡਾ ਅਮਿਤਾ ਗੁਪਤਾ ਦੀ ਦੇਖਰੇਖ ਵਿੱਚ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਯੋਗਾ ਕੈਂਪ ਲਗਾਇਆ ਗਿਆ। ਇਸ ਸਮੇਂ ਬਲੱਡ ਬੈਂਕ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ। ਸਪੋਰਟਸ ਵਿਭਾਗ ਵੱਲੋਂ ਫਿੱਟ ਇੰਡੀਆ ਮੁਹਿੰਮ ਤਹਿਤ ਜਾਣਕਾਰੀ ਦਿੱਤੀ ਗਈ। ਫੂਡ ਸੇਫ਼ਟੀ ਅਫ਼ਸਰ ਸ਼੍ਰੀ ਅਭਿਨਵ ਖੋਸਲਾ ਦੀ ਅਗਵਾਈ ਵਿੱਚ ਫੂਡ ਐਕਟ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਅਭਿਆਨ ਤਹਿਤ ਸੰਤੁਲਿਤ ਭੋਜਨ ਤਿਆਰ ਕਰਕੇ ਆਮ ਲੋਕਾਂ ਨੂੰ ਦਿਖਾਏ ਗਏ ਅਤੇ ਸੰਤੁਲਿਤ ਭੋਜਨ ਖਾਣ ਦਾ ਸੁਨੇਹਾ ਦਿੱਤਾ। ਮਾਸ ਮੀਡੀਆ ਵਿੰਗ ਅਤੇ ਮਲੇਰੀਆ ਵਿੰਗ ਵੱਲੋਂ ਸਿਹਤ ਸਕੀਮਾਂ ਸੰਬੰਧੀ ਪ੍ਰਦਰਸ਼ਨੀ ਲਗਾਈ ਗਈ ਅਤੇ ਆਡੀਓ ਅਤੇ ਵੀਡੀਓ ਰਾਹੀਂ ਲੋਕਾਂ ਨੂੰ ਸਿਹਤ ਸਕੀਮਾਂ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਡਾ. ਸੁਨੀਲ ਬਾਂਸਲ ਜਿਲਾ ਟੀਕਾਕਰਣ ਅਫ਼ਸਰ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੋਰ ਬਲਾਕ ਸਿਹਤ ਮੇਲੇ ਮਿਤੀ 21/4/2022 ਨੂੰ ਸੀ.ਐੱਚ.ਸੀ ਆਲਮਵਾਲਾ ਅਤੇ ਮਿਤੀ 22/4/2022 ਨੂੰ ਸੀ.ਐੱਚ.ਸੀ ਲੰਬੀ ਵਿਖੇ ਲਗਾਏ ਜਾ ਰਹੇ ਹਨ। ਉਹਨਾਂ ਇਸ ਸਿਹਤ ਮੇਲੇ ਵਿੱਚ ਸਹਿਯੋਗ ਦੇਣ ਲਈ ਜਿਲ੍ਹਾ ਪ੍ਰਸ਼ਾਸਨ, ਨਹਿਰੂ ਯੁਵਾ ਕੇਂਦਰ ਅਤੇ ਹੋਰ ਵਿਭਾਗਾਂ ਦਾ ਧੰਨਵਾਦ ਕੀਤਾ ਅਤੇ ਬਾਕੀ ਰਹਿੰਦੇ ਸਿਹਤ ਮੇਲਿਆਂ ਵਿੱਚ ਹੋਰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਸਿਹਤ ਅੰਬੈਸਡਰ ਬਣਾਇਆ ਜਾ ਰਿਹਾ ਹੈ, ਜੋ ਸਵੇਰ ਦੀ ਸਭਾ ਦੌਰਾਨ ਅਤੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨੁੰ ਚੰਗਾ ਖਾਣਾ ਖਾਣ ਦੀਆਂ ਆਦਤਾਂ ਬਾਰੇ ਜਾਣਕਾਰੀ ਦੇਵੇਗਾ। ਉਹਨਾਂ ਆਮ ਲੋਕਾਂ ਨੂੰ ਇਨਾਂ ਬਲਾਕ ਸਿਹਤ ਮੇਲਿਆਂ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ। Author : Malout Live