ਪੰਜਾਬ ਦੇ ਸਕੂਲਾਂ ਵਿੱਚ 4551 ਅਧਿਆਪਕਾਂ ਦੀਆਂ ਹੋਈਆਂ ਬਦਲੀਆਂ

ਪੰਜਾਬ ਵਿੱਚ ਨਵੀਂ ਤਬਾਦਲਾ ਨੀਤੀ ਤਹਿਤ ਪਹਿਲੀ ਵਾਰ 4551 ਅਧਿਆਪਕਾਂ ਦੀਆਂ ਬਦਲੀਆਂ ਹੋਈਆਂ ਹਨ। ਇਹ ਸਾਰੀਆਂ ਬਦਲੀਆਂ ਆਨਲਾਈਨ ਹੋਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਬਟਨ ਦਬਾਅ ਕੇ ਬਦਲੀਆਂ ਦੇ ਹੁਕਮ ਜਾਰੀ ਕੀਤੇ।
ਯਾਦ ਰਹੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਨਵੀਂ ਤਬਾਦਲਾ ਨੀਤੀ ਤਹਿਤ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਵੇਗੀ। ਇਸ ਤਬਾਦਲਾ ਨੀਤੀ ਨੂੰ ਅਮਲੀ ਰੂਪ ਲੈਣ ਵਿੱਚ ਕਾਫੀ ਉਤਰਾਅ-ਚੜ੍ਹਾਅ ਆਏ ਹਨ। ਕੈਪਟਨ ਨੇ ਕਿਹਾ ਕਿ ਇਸ ਨੀਤੀ ਨੂੰ ਹੋਰਨਾਂ ਵਿਭਾਗਾਂ ਵਿੱਚ ਲਾਗੂ ਕਰਨ ਦੀ ਵੀ ਯੋਜਨਾ ਹੈ।ਹਾਸਿਲ ਵੇਰਵਿਆਂ ਮੁਤਾਬਕ ਸਕੂਲ ਸਿੱਖਿਆ ਵਿਭਾਗ ਨੂੰ 11,063 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ 4551 ਦੀਆਂ ਬਦਲੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪਹਿਲੇ ਗੇੜ ਦੌਰਾਨ 6506 ਅਰਜ਼ੀਆਂ ’ਤੇ ਕਾਰਵਾਈ ਨਹੀਂ ਕੀਤੀ ਗਈ। ਇਸ ਬਾਰੇ ਅਗਲੇ ਗੇੜ ਵਿੱਚ ਫੈਸਲਾ ਹੋਏਗਾ।
ਆਨਲਾਈਨ ਬਦਲੀਆਂ ਲਈ ਸਕੂਲਾਂ ਨੂੰ 5 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਅਧਿਆਪਕਾਂ ਦੀ ਕਾਰਗੁਜ਼ਾਰੀ ਲਈ ਕੁੱਲ 250 ਵਿੱਚੋਂ 90 ਅੰਕ ਮੁਹੱਈਆ ਕਰਵਾਏ ਗਏ। ਕਾਰਗੁਜ਼ਾਰੀ ਵਿੱਚ ਅਧਿਆਪਕਾਂ ਦੇ ਨਤੀਜੇ, ਸਾਲਾਨਾ ਗੁਪਤ ਰਿਪੋਰਟ ਆਦਿ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ 15 ਅੰਕ ਉਨ੍ਹਾਂ ਅਧਿਆਪਕਾਂ ਨੂੰ ਮੁਹੱਈਆ ਕਰਵਾਏ ਗਏ, ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ।ਅਧਿਆਪਕਾਂ ਦੀਆਂ ਕੁਝ ਸ਼੍ਰੇਣੀਆਂ ਨੂੰ ਮੈਡੀਕਲ ਆਧਾਰ ’ਤੇ ਤਬਾਦਲਾ ਨੀਤੀ ਤੋਂ ਮੁਕੰਮਲ ਛੋਟ ਦਿੱਤੀ ਗਈ। ਇਨ੍ਹਾਂ ਵਿੱਚ ਕੈਂਸਰ ਮਰੀਜ਼, ਡਾਇਲੇਸਿਸ ’ਤੇ , ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਸਿਕੱਲ ਸੈੱਲ ਅਨੀਮਿਆ, ਥੈਲੇਸੀਮੀਆ ਆਦਿ ਨਾਲ ਪੀੜਤ ਸ਼ਾਮਲ ਸਨ। ਨਵੀਂ ਨੀਤੀ ਤਹਿਤ ਬਦਲੇ ਗਏ ਅਧਿਆਪਕਾਂ ਨੂੰ ਨਵੇਂ ਸਟੇਸ਼ਨ ’ਤੇ ਤਿੰਨ ਸਾਲ ਗੁਜ਼ਾਰਨ ਤੋਂ ਪਹਿਲਾਂ ਤਬਾਦਲੇ ਲਈ ਨਹੀਂ ਵਿਚਾਰਿਆ ਜਾਵੇਗਾ।