ਸਾਵਧਾਨ! ਦੁੱਧ ਦੇ 41 ਫੀਸਦੀ ਸੈਂਪਲ ਫੇਲ੍ਹ, ਪ੍ਰੋਸੈਸਡ ਮਿਲਕ 'ਚ ਵੀ ਮਿਲੇ ਐਂਟੀਬਾਇਓਟਿਕ ਅੰਸ਼

 ਦੇਸ਼ ਵਿੱਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਐਂਡ ਸਟੈਂਡਰਜ਼ ਅਥਾਰਟੀ (ਐਫਐਸਐਸਏਆਈ) ਦੇ ਸਰਵੇਖਣ ਵਿੱਚ 41 ਫੀਸਦੀ ਨਮੂਨੇ ਗੁਣਵੱਤਾ (ਕਵਾਲਟੀ) ਤੇ ਸੁਰੱਖਿਆ (ਸੇਫਟੀ) ਦੇ ਮਿਆਰਾਂ 'ਤੇ ਅਸਫਲ ਰਹੇ ਹਨ। ਇਨ੍ਹਾਂ ਵਿੱਚੋਂ 7 ਫੀਸਦੀ ਨਮੂਨੇ ਸਿਹਤ ਲਈ ਖਤਰਨਾਕ ਪਾਏ ਗਏ। ਐਫਐਸਐਸਏਆਈ ਨੇ ਸਰਵੇਖਣ ਲਈ ਕੱਚੇ ਤੇ ਪੈਕ ਕੀਤੇ ਦੁੱਧ ਦੇ ਨਮੂਨੇ ਲਏ ਸੀ।
ਐਫਐਸਐਸਏਆਈ ਦੇ ਸੀਈਓ ਪਵਨ ਯਾਦਵ ਦੇ ਅਨੁਸਾਰ, ਦੁੱਧ ਦੇ ਨਮੂਨਿਆਂ ਵਿੱਚ ਨਾ ਸਿਰਫ ਮਿਲਾਵਟ ਕੀਤੀ ਗਈ ਸੀ, ਬਲਕਿ ਦੁੱਧ ਸਿਹਤ ਲਈ ਨੁਕਸਾਨਦੇਹ ਪਦਾਰਥਾਂ ਨਾਲ ਵੀ ਦੂਸ਼ਿਤ ਪਾਇਆ ਗਿਆ। ਪ੍ਰੋਸੈਸਡ ਦੁੱਧ ਦੇ ਨਮੂਨਿਆਂ ਵਿੱਚ ਐਫਲੈਕਸਿਨ-ਐਮ 1, ਐਂਟੀਬਾਇਓਟਿਕਸ ਤੇ ਕੀਟਨਾਸ਼ਕਾਂ ਵਧੇਰੇ ਮਿਲੇ ਹਨ।
ਕੁੱਲ 6,432 ਨਮੂਨਿਆਂ ਵਿੱਚੋਂ 368 ਵਿੱਚ ਐਫਲੈਕਸਿਨ-ਐਮ 1 ਦੀ ਉੱਚ ਮਾਤਰਾ ਮਿਲੀ ਹੈ, ਜੋ ਕੁੱਲ ਨਮੂਨਿਆਂ ਦਾ 5.7 ਫੀਸਦੀ ਹੈ। ਇਹ ਦਿੱਲੀ, ਤਾਮਿਲਨਾਡੂ ਤੇ ਕੇਰਲ ਦੇ ਨਮੂਨਿਆਂ ਵਿੱਚ ਸਭ ਤੋਂ ਵੱਧ ਹੈ। ਐਫਲੈਕਸਿਨ-ਐਮ 1 ਇੱਕ ਕਿਸਮ ਦੀ ਉੱਲੀਮਾਰ (ਫਫੂੰਦ) ਹੈ ਜਿਸ ਦੇ ਇਸਤੇਮਾਲ ਦੀ ਭਾਰਤ ਵਿੱਚ ਆਗਿਆ ਨਹੀਂ ਹੈ।
ਸਰਵੇਖਣ ਦੇ ਅਨੁਸਾਰ ਕੁੱਲ ਨਮੂਨਿਆਂ ਦੇ 1.2 ਫੀਸਦੀ ਵਿੱਚ ਐਂਟੀਬਾਇਓਟਿਕ ਨਿਰਧਾਰਿਤ ਸੀਮਾ ਤੋਂ ਵੱਧ ਹੈ। ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਉਨ੍ਹਾਂ ਰਾਜਾਂ ਵਿੱਚੋਂ ਹਨ, ਜਿਥੇ ਦੁੱਧ ਵਿੱਚ ਐਂਟੀਬਾਇਓਟਿਕ ਦੀ ਮਾਤਰਾ ਵਧੇਰੇ ਪਾਈ ਗਈ ਹੈ।
ਇਸ ਦੇ ਨਾਲ ਹੀ, ਨਮੂਨਿਆਂ ਵਿੱਚੋਂ 7 ਫੀਸਦੀ 'ਚ ਗੰਭੀਰ ਰੂਪ ਵਿੱਚ ਖਤਰਨਾਕ ਤੱਤਾਂ ਦੀ ਮਿਲਾਵਟ ਪਾਈ ਗਈ। ਇਹ ਮਨੁੱਖੀ ਵਰਤੋਂ ਲਈ ਸੁਰੱਖਿਅਤ ਨਹੀਂ ਪਾਏ ਗਏ। 41 ਫੀਸਦੀ ਨਮੂਨੇ ਦੁੱਧ ਦੀ ਦੋ ਕਵਾਲਟੀ ਦੇ ਦੋ ਮਾਣਕਾਂ, ਲੋਅ ਫੈਟ ਤੇ ਸਾਲਿਡਸ ਨਾਟ ਫੌਟ (ਐਸਐਨਐਫ) 'ਤੇ ਖਰੇ ਨਹੀਂ ਉੱਤਰੇ।
ਰਾਹਤ ਦੀ ਗੱਲ ਇਹ ਹੈ ਕਿ 6,432 ਵਿੱਚੋਂ 5,976 ਨਮੂਨਿਆਂ ਵਿੱਚ ਮਿਲਾਵਟ ਦੇ ਬਾਵਜੂਦ, ਮਨੁੱਖੀ ਸਿਹਤ ਲਈ ਕੋਈ ਖਤਰਨਾਕ ਪਦਾਰਥ ਨਹੀਂ ਮਿਲੇ। ਇਸ ਤਰ੍ਹਾਂ 93 ਫੀਸਦੀ ਨਮੂਨੇ ਮਨੁੱਖੀ ਸੇਵਨ ਲਈ ਸੁਰੱਖਿਅਤ ਮੰਨੇ ਗਏ ਹਨ।