ਉਮੀਦਵਾਰਾਂ ਤੇ ਦਰਜ਼ ਅਪਰਾਧਿਕ ਮਾਮਲਿਆਂ ਨੂੰ ਜਨਤਕ ਕਰਨਾ ਹੋਵੇਗਾ ਜਰੂਰੀ- ਚੋਣ ਅਬਜ਼ਰਵਰ

ਮਲੋਟ:- ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਹਨਾਂ ਉਮੀਦਵਾਰਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਜਿਹਨਾਂ ਉੱਪਰ ਅਪਰਾਧਿਕ ਮਾਮਲੇ ਦਰਜ਼ ਹਨ ਉਨ੍ਹਾਂ ਲਈ ਇਨ੍ਹਾਂ ਮਾਮਲਿਆਂ ਨੂੰ ਅਖਬਾਰਾਂ, ਅਤੇ ਸੋਸ਼ਲ ਮੀਡੀਆ ਤੇ ਜਨਤਕ ਕਰਨਾ ਜਰੂਰੀ ਹੈ। ਸੀ.ਥਿਆਗਰਾਜ਼ਨ ਖਰਚਾ ਅਬਜ਼ਰਵਰ ਨੇ ਦੱਸਿਆ ਕਿ ਇਨ੍ਹਾਂ ਮਾਮਲਿਆ ਨੂੰ ਇਸ਼ਤਿਹਾਰ ਦੇ ਰੂਪ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜੀ ਅਖਬਾਰਾਂ ਰਾਹੀਂ ਜਨਤਕ ਕਰਨਾ ਜਰੂਰੀ ਹੈ। ਇਸ ਸੰਬੰਧੀ ਐਮ.ਸੀ.ਐਮ.ਸੀ ਸੈੱਲ ਅਤੇ ਆਰ.ਓ ਨੂੰ ਜਾਣੂੰ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਨੂੰ ਲੋਕਲ ਅਤੇ ਨੈਸ਼ਨਲ ਅਖਬਾਰਾਂ, ਸੋਸ਼ਲ ਮੀਡੀਆ ਉਤੇ ਇਨ੍ਹਾਂ ਮਾਮਲਿਆਂ ਨੂੰ ਪ੍ਰਕਾਸ਼ਿਤ ਕਰਨਾ ਜਰੂਰੀ ਹੋਵੇਗਾ। ਇਸ਼ਤਿਹਾਰ ਵੱਧ ਤੋਂ ਵੱਧ ਸਰਕੂਲੇਸ਼ਨ ਵਾਲੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਏ ਜਾਣ। ਕਿਸੇ ਵੀ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਉੱਪਰ ਕੋਈ ਅਪਰਾਧਿਕ ਮਾਮਲਾ ਦਰਜ਼ ਹੈ ਤਾਂ ਪਾਰਟੀ ਦੀ ਵੈੱਬਸਾਈਟ ਤੇ ਵੀ ਅੱਪਲੋਡ ਹੋਣਾ ਲਾਜ਼ਮੀ ਹੈ। ਚੋਣ ਅਬਜ਼ਰਵਰ ਵੱਲੋਂ ਇਹ ਵੀ ਦੱਸਿਆ ਕਿ ਇਨ੍ਹਾਂ ਇਸ਼ਤਿਹਾਰਾਂ ਦਾ ਖਰਚਾ ਉਮੀਦਵਾਰ ਆਪਣੇ ਖਰਚਾ ਰਜਿਸਟਰ ਵਿੱਚ ਦਰਜ਼ ਕਰਣਗੇ। ਇਸ ਤੋਂ ਇਲਾਵਾ, ਸਮੂਹ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਨੇ ਇਸ਼ਤਿਹਾਰ ਦੇਣਾ ਹੈ ਤਾਂ ਉਸ ਦੀ ਪ੍ਰਵਾਨਗੀ ਐਮ.ਸੀ.ਐਮ.ਸੀ ਸੈੱਲ ਤੋਂ ਦੋ ਦਿਨ ਪਹਿਲਾ ਲੈਣੀ ਹੋਵੇਗੀ ਅਤੇ ਇਸ਼ਤਿਹਾਰ ਨੂੰ ਐਮ.ਸੀ.ਐਮ.ਸੀ ਸੈੱਲ ਤੋਂ ਸਰਟੀਫਾਈ ਕਰਵਾਉਣਾ ਜਰੂਰੀ ਹੋਵੇਗਾ। ਜੇਕਰ ਕੋਈ ਉਮੀਦਵਾਰ ਚੋਣਾਂ ਤੋਂ ਇੱਕ ਦਿਨ ਪਹਿਲਾ ਜਾਂ ਚੋਣਾਂ ਵਾਲੇ ਦਿਨ ਇਸ਼ਤਿਹਾਰ ਦੇਣਾ ਚਾਹੁੰਦਾ ਹੈ ਤਾਂ 24 ਘੰਟੇ ਪਹਿਲਾ ਐਮ.ਸੀ.ਐਮ.ਸੀ ਸੈੱਲ ਤੋਂ ਪ੍ਰਵਾਨਗੀ ਲੈਣਾ ਅਤੇ ਸਰਟੀਫਾਈ ਕਰਵਾਉਣਾ ਜਰੂਰੀ ਹੋਵੇਗਾ।