ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਵਿਸ਼ਵ ਸੁਣਨ ਸ਼ਕਤੀ ਦਿਵਸ ਸੰਬੰਧੀ ਸਮਾਗਮ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਸੁਣਨ ਸ਼ਕਤੀ ਦਿਵਸ ਸੰਬੰਧੀ ਸਮਾਗਮ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਡਾ. ਬੰਦਨਾ ਬਾਂਸਲ ਡੀ.ਐੱਮ.ਸੀ ਨੇ ਕਿਹਾ ਕਿ ਹਰੇਕ ਸਾਲ 3 ਮਾਰਚ ਨੂੰ ਵਿਸ਼ਵ ਭਰ ਵਿੱਚ ਸੁਣਨ ਸ਼ਕਤੀ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਕੰਨਾਂ ਦੀ ਬਿਮਾਰੀਆਂ ਪ੍ਰਤੀ ਅਤੇ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ,ਸੰਬੰਧੀ ਜਾਗਰੂਕ ਕਰਨਾ ਹੈ ਤਾਂ ਜੋ ਬਿਮਾਰੀਆਂ ਦਾ ਜਲਦੀ ਪਤਾ ਲਗਾਇਆ ਜਾ ਸਕੇ ਅਤੇ ਉਹਨਾਂ ਦਾ ਇਲਾਜ ਕਰਵਾ ਕੇ ਬੋਲੇਪਣ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਸਾਨੂੰ ਸਰੀਰ ਦੇ ਬਾਕੀ ਅੰਗਾਂ ਨੂੰ ਸਿਹਤਮੰਦ ਰੱਖਣ ਦੇ ਨਾਲ ਹੀ ਕੰਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਕੰਨਾਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਕੰਨ ਡੁੱਲਦੇ ਹੋਣ,ਸੁਣਾਈ ਘੱਟ ਦੇ ਰਿਹਾ ਹੋਵੇ,ਜਮਾਂਦਰੂੰ ਬੋਲਾਪਣ,ਕੰਨਾਂ ਵਿੱਚ ਸ਼ਾਂ-ਸ਼ਾਂ ਦੀ ਆਵਾਜ਼ ਆਉਣ ਅਤੇ ਚੱਕਰ ਆਉਣ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਗਰਭ ਅਵਸਥਾ ਦੌਰਾਨ ਗਰਭਵਤੀ ਔਰਤ ਵੱਲੋਂ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਲਈ ਗਈ ਕੋਈ ਵੀ ਦਵਾਈ ਨਵਜੰਮੇ ਬੱਚੇ ਵਿੱਚ ਸੁਨਣ ਦੀਆਂ ਕਮੀਆਂ ਦਾ ਕਾਰਨ ਬਣ ਸਕਦੀ ਹੈ। ਇਸ ਮੌਕੇ ਡਾ. ਰਾਹੁਲ ਜਿੰਦਲ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪ੍ਰਹੇਜ਼ ਕਰੋ। ਜੇਕਰ ਸਕੂਲ ਵਿੱਚ ਪੜ੍ਹ ਰਿਹਾ ਬੱਚਾ ਥੋੜ੍ਹੀ ਦੂਰੀ ਤੋਂ ਅਧਿਆਪਕ ਦੀ ਆਵਾਜ਼ ਵੱਲ ਧਿਆਨ ਨਹੀਂ ਦੇ ਰਿਹਾ ਤਾਂ ਡਾਕਟਰ ਨਾਲ ਸੰਪਰਕ ਕਰੋ। ਘੱਟ ਸੁਨਣ ਸ਼ਕਤੀ ਵਾਲੇ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਰੁਲਾਉਣ ਲਈ ਉਤਸ਼ਾਹਿਤ ਕਰੋ। ਇਹ ਮਨੋਵਿਗਿਆਨਿਕ ਅਤੇ ਸੰਚਾਰ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕੋ ਅਤੇ ਆਪਣੇ ਕੰਨਾਂ ਵਿੱਚ ਤੇਲ ਜਾਂ ਕੋਈ ਤਿੱਖੀਆਂ ਚੀਜਾਂ ਜਿਵੇ ਕਿ ਮਾਚਿਸ ਦੀ ਤੀਲੀ ਜਾਂ ਕੰਨ ਸਾਫ਼ ਕਰਨ ਵਾਲੇ ਬੱਡਸ ਨਾ ਮਾਰੋ, ਆਪਣੇ ਕੰਨਾਂ ਨੂੰ ਟੀਵੀ, ਰੇਡੀਓ, ਈਅਰਫੋਨ, ਪਟਾਕੇ ਅਤੇ ਉੱਚੀ ਆਵਾਜ਼ ਤੋਂ ਬਚਾਓ, 60 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਕੰਨਾਂ ਦਾ ਚੈਕਅੱਪ ਮਾਹਿਰ ਡਾਕਟਰ ਤੋਂ ਜ਼ਰੂਰ ਕਰਵਾਓ। ਇਸ ਮੌਕੇ ਡਾ. ਗੁਰਮੀਤ ਕੌਰ ਭੰਡਾਰੀ ਮੈਡੀਕਲ ਅਫਸਰ, ਡਾ. ਆਲਮਜੀਤ ਸਿੰਘ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਟਾਫ ਅਤੇ ਆਮ ਲੋਕ ਹਾਜ਼ਿਰ ਸਨ। Author: Malout Live