ਡਿਪਟੀ ਕਮਿਸ਼ਨਰ ਨੇ ਕੀਤੀ ਖੇਤ ਮਜਦੂਰਾਂ ਨਾਲ ਅਹਿਮ ਮੀਟਿੰਗ, ਪਾਵਰਕਾਮ ਦੇ ਅਧਿਕਾਰੀਆਂ ਨੂੰ ਕੀਤੀ ਹਦਾਇਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਅੱਜ ਜਿ਼ਲ੍ਹੇ ਦੇ ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਨਾਲ ਦਫਤਰ ਡਿਪਟੀ ਕਮਿਸ਼ਨਰ ਵਿਖੇ ਅਹਿਮ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੈਡਮ ਰਾਜਦੀਪ ਕੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਖੇਤ ਮਜਦੂਰਾਂ ਦੇ ਆਹੁਦੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਜਿ਼ਹਨਾਂ 12 ਪਿੰਡਾਂ ਵਿੱਚ ਨਰਮੇਂ ਦੀ ਫਸਲ ਦਾ ਖਰਾਬਾ ਹੋਇਆ ਹੈ, ਉਹਨਾਂ ਪਿੰਡਾਂ ਵਿੱਚ ਨਰਮੇ ਦੀ ਫਸਲ ਚੁਗਣ ਵਾਲੇ ਮਜਦੂਰਾਂ ਦੀ ਘੋਖ ਪੜਤਾਲ ਕਰਵਾਉਣ ਉਪਰੰਤ ਉਹਨਾਂ ਨੂੰ ਢੁਕਵਾ ਮੁਆਵਜਾਂ ਸਰਕਾਰ ਵੱਲੋਂ ਦੁਆਇਆ ਜਾਵੇਗਾ ਅਤੇ ਕੀਤੀ ਗਈ ਘੋਖ ਪੜਤਾਲ ਸੰਬੰਧੀ ਮਜਦੂਰਾਂ ਦੀਆਂ ਸੂਚੀਆਂ

ਸਾਂਝੀਆਂ ਥਾਵਾਂ, ਸੱਥਾਂ, ਧਾਰਮਿਕ ਥਾਵਾਂ ਤੋਂ ਇਲਾਵਾ ਜਨਤਕ ਸਥਾਨਾਂ ਤੇ ਲਗਾਈਆਂ ਜਾਣਗੀਆਂ। ਉਹਨਾਂ ਮਨਰੇਗਾ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮਜਦੂਰਾਂ ਦੇ ਨਵੇਂ ਵਿੱਤੀ ਸਾਲ ਤੋਂ ਨਵੇਂ ਜੋਬ ਕਾਰਡ ਬਣਾਏ ਜਾਣ ਅਤੇ ਕਿਸੇ ਵੀ ਮਜਦੂਰ ਨਾਲ ਕੋਈ ਜਿ਼ਆਦਤੀ ਨਾ ਕੀਤਾ ਜਾਵੇ। ਉਹਨਾਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹਨਾਂ ਮਜਦੂਰਾਂ ਦੇ ਬਿਜਲੀ ਦੇ ਕੁਨੈਕਸ਼ਨ ਕਿਸੇ ਕਾਰਨ ਕੱਟੇ ਗਏ ਹਨ, ਉਹਨਾਂ ਦੇ ਬਿਜਲੀ ਦੇ ਮੀਟਰ ਲਗਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਲਾਭਪਾਤਰੀ ਸਕੀਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਮਜਦੂਰਾਂ ਦੀਆਂ ਕਾਪੀਆਂ ਬਨਣ ਵਾਲੀਆਂ ਹਨ, ਹੁਣ ਚੋਣ ਜਾਬਤੇ ਖਤਮ ਹੋਣ ਉਪਰੰਤ ਕੰਮ ਸ਼ੁਰੂ ਹੋ ਗਿਆ ਹੈ ਅਤੇ ਮਜਦੂਰਾਂ ਦੀਆਂ ਲਾਭਪਾਤਰੀ ਸਕੀਮ ਦੀਆਂ ਕਾਪੀਆਂ ਬਨਣੀਆਂ ਸ਼ੁਰੂ ਹੋ ਜਾਣਗੀਆ।