ਜਿਲ੍ਹਾ ਮੈਜਿਸਟਰੇਟ ਨੇ ਐੱਫ.ਸੀ.ਆਈ ਦੇ ਅਧਿਕਾਰਿਤ ਖੇਤਰਾਂ ਤੇ ਬਾਹਰੀ ਇਕੱਠ ਕਰਨ ਦੀ ਕੀਤੀ ਸਖਤ ਮਨਾਹੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀ ਹਰਪ੍ਰੀਤ ਸਿੰਘ ਸੂਦਨ ਜ਼ਿਲਾ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਕਿਸੇ ਵੀ ਅਣ-ਅਧਿਕਾਰਿਤ ਵਿਅਕਤੀ ਵੱਲੋਂ ਡੀ.ਐੱਮ.ਐੱਫ.ਸੀ.ਆਈ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਐੱਫ.ਸੀ.ਆਈ ਦੇ ਗੋਦਾਮਾਂ ਜਾਂ ਐੱਫ.ਸੀ.ਆਈ ਦੇ ਸੰਚਾਲਨ ਨਾਲ ਸੰਬੰਧਿਤ ਹੋਰ ਗੋਦਾਮਾਂ ਜਾਂ ਪਲਿੰਥਾਂ, ਰੇਲਹੈੱਡਾਂ ਜਾਂ ਅਨਾਜ ਲਈ ਵਰਤੇ ਜਾ ਰਹੇ ਨਿੱਜੀ ਤੋਲ ਪੁਲਾਂ (ਤੋਲ ਕੰਡਿਆਂ) ਵਿੱਚ ਦਾਖਿਲ ਹੋਣ ਜਾਂ ਬਾਹਰੀ ਇਕੱਠ

ਕਰਨ ਦੀ ਸਖਤ ਮਨਾਹੀ ਹੈ। ਜਿ਼ਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਰੈਕ ਲੋਡਿੰਗ ਮੌਕੇ ਕਿਸੇ ਵੀ ਵਿਅਕਤੀ ਨੂੰ ਐੱਫ.ਸੀ.ਆਈ ਦੇ ਅਨਾਜ ਦੇ ਰੈਕ ਨੂੰ ਕਿਸੇ ਹੋਰ ਤਰੀਕੇ ਨਾਲ ਲੋਡ ਕਰਨ ਤੋਂ ਰੋਕਣ ਦੀ ਵੀ ਸਖਤ ਮਨਾਹੀ ਹੈ ਤਾਂ ਜ਼ੋ ਸਰਕਾਰੀ ਖਰੀਦ ਏਜੰਸੀਆਂ ਵਲੋਂ ਕਣਕ ਜਾਂ ਚੋਲ ਦੀ ਸਪੈਸ਼ਲ ਢੋਆ ਢੁਆਈ ਪ੍ਰਭਾਵਿਤ ਨਾ ਹੋ ਸਕੇ। ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਅਗਰ ਕੋਈ ਵਿਅਕਤੀ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।