ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵੱਲੋਂ ਆਰਮੀ ਅਗਨੀਵੀਰ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਨੂੰ ਦਿੱਤੀ ਜਾਵੇਗੀ ਮੁਫਤ ਸਿਖਲਾਈ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਜਿਨ੍ਹਾਂ ਯੁਵਕਾਂ ਨੇ ਅਗਨੀਵੀਰ ਭਰਤੀ ਹੋਣ ਲਈ ਲਿਖਤੀ ਪੇਪਰ ਪਾਸ ਕਰ ਲਿਆ ਹੈ, ਉਨ੍ਹਾਂ ਯੁਵਕਾਂ ਨੂੰ ਫਿਜ਼ੀਕਲ ਟੈਸਟ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਯੁਵਕ 24 ਮਈ ਤੋਂ 31 ਮਈ ਤੱਕ ਠੀਕ ਸਵੇਰੇ 7.30 ਵਜੇ ਕਿਸੇ ਵੀ ਸਰਕਾਰੀ ਕੰਮ-ਕਾਜ ਵਾਲੇ ਦਿਨ ਨਿੱਜੀ ਤੌਰ ’ਤੇ ਸਿਖਲਾਈ ਲਈ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ ਵਿਖੇ ਹਾਜ਼ਿਰ ਹੋ ਸਕਦੇ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਰਤੀ ਲਈ ਮੁਫ਼ਤ ਸਿਖਲਾਈ ਲੈਣ ਦੇ ਚਾਹਵਾਨ ਯੁਵਕ ਕੈਂਪ ਵਿੱਚ ਆਉਣ ਸਮੇਂ ਆਪਣੇ ਨਾਲ ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਆਧਾਰ ਕਾਰਡ ਦੀ ਫੋਟੋ ਕਾਪੀ, ਲਿਖਤੀ ਪੇਪਰ ਦੇ ਰੋਲ ਨੰਬਰ ਦੀ ਫੋਟੋ ਕਾਪੀ ਅਤੇ 2 ਤਾਜਾ ਪਾਸਪੋਰਟ ਸਾਈਜ ਫੋਟੋ ਜ਼ਰੂਰ ਲੈ ਕੇ ਆਉਣ। ਇਸ ਤੋਂ ਇਲਾਵਾ ਜਿਹੜੇ ਯੁਵਕਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਲਈ ਅਪਲਾਈ ਕੀਤਾ ਹੈ ਅਤੇ ਉਨ੍ਹਾਂ ਦਾ ਪੇਪਰ ਅਗਸਤ ਵਿੱਚ ਹੋਣਾ ਹੈ, ਉਨ੍ਹਾਂ ਚਾਹਵਾਨ ਯੁਵਕਾਂ ਨੂੰ ਵੀ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਕਰਵਾਈ ਜਾਵੇਗੀ ਅਤੇ ਉਹ ਵੀ ਉਕਤ ਮਿਤੀਆਂ ਨੂੰ ਉਪਰੋਕਤ ਦਸਤਾਵੇਜ਼ ਲੈ ਕੇ ਨਿੱਜੀ ਤੌਰ ’ਤੇ ਕੈਂਪ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। Author: Malout Live