ਵਿਸ਼ਵ ਖੂਨਦਾਨ ਦਿਵਸ ਦੇ ਸੰਬੰਧ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ ਅਤੇ ਜਾਗਰੂਕਤਾ ਕੈਂਪ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਸ਼ਵ ਖੂਨਦਾਨ ਦਿਵਸ ਦੇ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਨੇ ਦੱਸਿਆ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਅਤੇ ਇਸ ਦਾ ਕੋਈ ਬਦਲ ਨਹੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਖੂਨਦਾਨ ਦਿਵਸ ਦੇ ਸੰਬੰਧ ਵਿੱਚ ਖੂਨਦਾਨ ਕੈਂਪ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਐਮਰਜੈਂਸੀ ਸਥਿਤੀਆਂ ਵਿੱਚ ਸੁਰੱਖਿਅਤ ਅਤੇ ਮਿਆਰੀ ਖੂਨ ਅਤੇ ਖੂਨ ਦੇ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਖੂਨ ਦਾਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਇੱਕ ਯੂਨਿਟ ਨਾਲ ਦੋ ਵਿਅਕਤੀਆਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਅਤੇ ਘੱਟੋ-ਘੱਟ 50 ਕਿਲੋਗ੍ਰਾਮ ਭਾਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ ਖੂਨ ਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਨਾਜ਼ੁਕ ਹਾਲਤਾਂ ਜਿਵੇਂ ਦੁਰਘਟਨਾ, ਬੱਚੇ ਦੇ ਜਨਮ, ਥੈਲੇਸੀਮੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਵਿੱਚ ਖੂਨ ਦੀ ਜਰੂਰਤ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੱਸਿਆ ਕਿ ਕੋਈ ਵੀ ਗੂਗਲ ਪਲੇਅ ਸਟੋਰ ਤੇ ਲਾਗ-ਇਨ ਕਰ ਸਕਦਾ ਹੈ ਅਤੇ ਖੂਨ ਦੀ ਉਪਲੱਬਧਤਾ, ਰਜਿਸਟ੍ਰੇਸ਼ਨ ਪ੍ਰਕਿਰਿਆ, ਨੇੜਲੇ ਬਲੱਡ ਬੈਂਕ ਅਤੇ ਸਵੈ-ਇੱਛੁਕ ਖੂਨਦਾਨ ਕਰਨ ਵਾਲਿਆਂ ਦੀ ਜਾਣਕਾਰੀ ਲਈ ਈ-ਰਕਤਕੋਸ਼ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦਾ ਹੈ। Author : Malout Live