ਵੈਬੀਨਾਰ ਦੌਰਾਨ ਜਿ਼ਲ੍ਹੇ ਦੇ 923 ਵਿਦਿਆਰਥੀਆ ਨੇ ਲਿਆ ਭਾਗ-- ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ-ਘਰ ਰੋਜਗਾਰ ਤਹਿਤ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਤਹਿਤ ਰੋਜਗਾਰ ਦੇ ਮੌਕਿਆਂ ਦੀ ਤਲਾਸ਼ ਕਰਨ ਸਬੰਧੀ ਕਰਵਾਏ ਗਏ ਵੈਬੀਨਾਰ ਚੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 923 ਵਿਦਿਆਰਥੀਆਂ ਨੇ ਭਾਗ ਲਿਆ। ਇਹ ਜਾਣਕਾਰੀ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾ ਦੱਸਿਆ ਕਿ ਇਸ ਵੈਬੀਨਾਰ ਦੌਰਾਨ ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਭਾਗ ਲਿਆ ਤੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਰੁਜਗਾਰ ਪੈਦਾ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਵੈਬੀਨਾਰ ਦੌਰਾਨ ਜਿ਼ਲ੍ਹੇ ਦੇ ਵਿਦਿਆਰਥੀਆਂ ਨੇ  ਐਮਾਜ਼ੋਨ, ਫਲਿੱਪਕਾਰਟ, ਫੇਸਬੁੱਕ, ਮਾਈਕਰੋਸਾਫਟ, ਡੈਲ, ਵਾਲਮਾਰਟ, ਪੈਪਸੀਕੋ ਅਤੇ ਹੋਰਨਾਂ ਨਾਮੀ ਕੰਪਨੀਆਂ ਦੇ ਪ੍ਰਤੀਨਿਧੀਆਂ ਕੋਲੋਂ ਭਵਿੱਖ ਵਿੱਚ ਰੁਜਗਾਰ ਦੇ ਮੌਕਿਆਂ ਬਾਰੇ ਸਵਾਲ ਪੁੱਛੇ। ਵੈਬੀਨਾਰ ਦੌਰਾਨ ਕੰਪਨੀਆਂ ਦੇ ਪ੍ਰਤੀਨਿੱਧੀਆਂ ਨੇ ਕਲਾਊਡ ਟੈਕਨਾਲੌਜੀ, ਆਰਟੀਫੀਸ਼ਲ ਇੰਟੈਲੀਜੈਂਸ, ਈ-ਕਾਮਰਸ, ਹੈਲਥ ਕੇਅਰ, ਆਟੋਮੇਸ਼ਨ ਆਦਿ ਖੇਤਰਾਂ ਚੋ਼ ਅਗਲੇ 5 ਤੋਂ 10 ਸਾਲਾਂ ਦੌਰਾਨ ਰੁਜਗਾਰ ਦੇ ਅਸੀਮ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਆਪ ਨੂੰ ਉਦਯੋਗਾਂ ਦੀ ਲੋੜ ਅਨੁਸਾਰ ਤਿਆਰ ਕਰਨ ਤੇ ਸਭ ਤੋਂ ਵੱਧ ਲੋੜ ਸਕਿੱਲ ਡਿਵੈਲਪਮੈਂਟ ਵੱਲ ਦਿੱਤਾ ਜਾਵੇ। ਇਸ ਮੌਕੇ ਮਾਈਕਰੋਸਾਫਟ ਵੱਲੋਂ ਆਨਲਾਈਨ ਕੋਰਸਾਂ ਲਈ ਤਕਨੀਕੀ ਅਗਵਾਈ ਬਿਲਕੁਲ ਮੁਫਤ ਪ੍ਰਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤੇ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਭਵਿੱਖ ਵਿੱਚ ਹੋਣ ਵਾਲੇ ਵੈਬੀਨਾਰਾਂ ਦੌਰਾਨ ਵਿਦਿਆਰਥੀਆਂ ਦੀ ਹੋਰ ਸ਼ਿਰਕਤ ਲਈ ਜਿਲ੍ਹੇ ਭਰ ਦੀਆਂ ਵਿਦਿਅਕ ਸੰਸਥਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ।