ਆਈ.ਟੀ.ਆਈ ਇੰਸਟਰਕਟਰ ਯੂਨੀਅਨ ਨੇ ਵਿਧਾਇਕ ਖੁੱਡੀਆਂ ਨੂੰ ਦਿੱਤਾ ਮੰਗ ਪੱਤਰ
ਮਲੋਟ (ਲੰਬੀ):- ਆਈ.ਟੀ.ਆਈ ਇੰਸਟਰਕਟਰ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਲੰਬੀ ਹਲਕੇ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਨਵਜੋਤ ਸਿੰਘ ਨੇ ਦੱਸਿਆ ਸਾਲ 2013 ਵਿਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਕਰਾਫਟ ਇੰਸਟਰਕਟਰ ਭਰਤੀ ਕੀਤੇ ਗਏ ਸਨ ਪਰ 7 ਸਾਲ ਬੀਤ ਜਾਣ ਤੇ ਵੀ ਉਹ ਪ੍ਰੋਬੇਸ਼ਨ ਪੀਰੀਅਡ ਤੇ ਹੀ ਚੱਲ ਰਹੇ ਹਨ। ਉਹਨਾਂ ਦੱਸਿਆ ਕਿ 2013 ਵਿੱਚ ਇਹ ਭਰਤੀ ਨਿਰੋਲ ਮੈਰਿਟ ਦੇ ਆਧਾਰ ਤੇ ਪ੍ਰਵੇਸ਼ ਪ੍ਰੀਖਿਆ ਰਾਹੀ ਹੋਈ ਸੀ। ਜਿਸ ਤੇ ਬਾਅਦ ਵਿੱਚ ਸਟੇਅ ਹੋ ਗਿਆ।
ਸਾਲ 2015 ਵਿੱਚ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਉਹਨਾਂ ਨੂੰ ਬਤੌਰ ਕਰਾਫਟ ਇੰਸਟਰਕਟਰ ਜੁਆਇੰਨ ਕਰਵਾਇਆ ਗਿਆ ਪਰ 2017-18 ਵਿੱਚ ਫਿਰ ਕੁੱਝ ਕਰਮਚਾਰੀਆਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਨਕੁਆਰੀ ਲਗਵਾ ਦਿੱਤੀ ਕਿਉਂਕਿ 2017 ਵਿੱਚ ਇਹਨਾਂ ਇੰਸਟਰਕਟਰਾਂ ਦਾ ਪ੍ਰੋਬੇਸ਼ਨ ਸਮਾਂ ਪੂਰਾ ਹੋਣਾ ਸੀ। ਨਵਜੋਤ ਸਿੰਘ ਨੇ ਦੱਸਿਆ ਕਿ ਉਹ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸਰਕਾਰ ਦਰਬਾਰੇ ਲੰਮੇ ਸਮੇਂ ਤੋਂ ਗੁਹਾਰ ਲਗਾ ਰਹੇ ਹਨ ਪਰ ਕੋਈ ਸੁਣਵਾਈ ਨਹੀ ਹੋਈ ਜਦਕਿ ਇਸ ਸਮੇਂ ਦੌਰਾਨ ਉਹਨਾਂ ਦੇ ਕੁੱਝ ਸਾਥੀ ਸਵਰਗਵਾਸ ਹੋ ਗਏ ਹਨ ਤੇ ਕਈ ਮਾਨਸਿਕ ਪ੍ਰੇਸ਼ਾਨੀ ਹੇਠ ਹਨ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਤੋਂ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਨਸਾਫ ਦੀ ਜਿੱਤ ਹੋਵੇਗੀ। ਵਿਧਾਇਕ ਖੁੱਡੀਆਂ ਨੇ ਮੰਗ ਪੱਤਰ ਲੈਣ ਉਪਰੰਤ ਯੂਨੀਅਨ ਆਗੂਆਂ ਨੂੰ ਮਸਲਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। Author : Malout Live