ਸੀ.ਐੱਚ.ਸੀ ਆਲਮਵਾਲਾ ਦੇ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾ ਕੀਤੀ ਡਿਊਟੀ

ਮਲੋਟ:- ਮ.ਪ.ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੁਖਜੀਤ ਸਿੰਘ ਆਲਮਵਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਵੱਖ-ਵੱਖ ਵਿਭਾਗਾਂ ਦੇ ਕੁੱਝ ਭੱਤਿਆ ਤੇ ਰੋਕ ਲਗਾ ਦਿੱਤੀ ਗਈ ਸੀ। ਜਿਸ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਣ ਵਾਲੇ ਭੱਤੇ ਵੀ ਸ਼ਾਮਿਲ ਸਨ। ਜਿਸ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਸਿਹਤ ਵਿਭਾਗ ਦੇ ਮ.ਪ ਕੇਡਰ ਵੱਲੋਂ ਮ.ਪ.ਹੈਲਥ ਇੰਪਲਾਈਜ ਯੂਨੀਅਨ ਮੇਲ/ਫੀਮੇਲ ਦੀ ਅਗਵਾਈ ਵਿੱਚ ਮਿਤੀ 21 ਦਸੰਬਰ ਅਤੇ 6 ਜਨਵਰੀ ਨੂੰ ਰੋਸ ਰੈਲੀਆਂ ਕ੍ਰਮਵਾਰ ਖਰੜ ਤੇ ਅੰਮ੍ਰਿਤਸਰ ਵਿਖੇ ਕੀਤੀਆਂ। 21 ਦਸੰਬਰ ਦੀ ਰੋਸ ਰੈਲੀ ਤੋ ਬਾਅਦ ਯੂਨੀਅਨ ਨੂੰ 23 ਦਸੰਬਰ ਨੂੰ ਪੈਨਲ ਮੀਟਿੰਗ ਮਿਲ ਗਈ ਸੀ। ਉਸ ਸਮੇਂ ਯੂਨੀਅਨ ਦੇ ਆਗੂਆਂ ਨੂੰ ਸਾਰੀਆਂ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।

ਪਰ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋ ਇਹ ਮੰਗਾਂ ਦਾ ਹੱਲ ਨਾ ਹੋਇਆ ਤਾਂ ਯੂਨੀਅਨ ਵੱਲੋਂ 6 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸਿਹਤ ਮੰਤਰੀ ਦੀ ਕੋਠੀ ਘੇਰਨ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਯੂਨੀਅਨ ਦੇ ਨੁੰਮਾਇਦਿਆਂ ਵੱਲੋਂ ਜਦੋਂ ਅੰਮ੍ਰਿਤਸਰ ਵਿੱਚ ਰੋਸ ਰੈਲੀ ਕਰਕੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤਾਂ ਉਸ ਸਮੇਂ ਯੂਨੀਅਨ ਦੇ ਆਗੂਆਂ ਨੂੰ ਮਿਤੀ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ। ਜਿਸ ਦੌਰਾਨ ਯੂਨੀਅਨ ਦੇ ਆਗੂਆਂ ਵੱਲੋ ਕਾਲੇ ਬਿੱਲੇ ਲਗਾ ਕੇ ਡਿਊਟੀ ਕਰਨ ਦਾ ਫੈਂਸਲਾ ਕੀਤਾ ਸੀ ਅਤੇ ਯੂਨੀਅਨ ਦੇ ਫੈਂਸਲੇ ਅਨੁਸਾਰ ਕਾਲੇ ਬਿੱਲੇ ਲਗਾ ਕਿ ਸੀ.ਐੱਚ.ਸੀ ਆਲਮਵਾਲਾ ਦੇ ਸਿਹਤ ਕਰਮਚਾਰੀਆਂ ਵੱਲੋਂ ਆਪਣੀ ਡਿਊਟੀ ਕੀਤੀ ਗਈ। ਇਸ ਮੌਕੇ ਰਾਕੇਸ਼ ਗਿਰਧਰ, ਮਨੋਜ ਕੁਮਾਰ, ਗੁਰਵਿੰਦਰ ਸਿੰਘ, ਹਰਮਿੰਦਰ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਹਰਜਿੰਦਰ ਸਿੰਘ, ਰਾਜਵੰਤ ਕੌਰ, ਕੁਲਵੰਤ ਕੌਰ, ਨੇਹਾ ਰਾਣੀ, ਚਰਨਜੀਤ ਕੌਰ, ਪੂਨਮ ਰਾਣੀ, ਹਰਦੀਪ ਕੌਰ, ਵੀਰਪਾਲ ਕੌਰ, ਸੀਮਾ ਰਾਣੀ, ਨਿਰਮਲਜੀਤ ਕੌਰ, ਪਰਮਜੀਤ ਕੌਰ, ਨਵਜੀਤ ਮੱਕੜ, ਜਗਦੇਵ ਸਿੰਘ, ਰੋਹਿਤ ਕੁਮਾਰ, ਨਸੀਬ ਕੌਰ ਤੇ ਮਨਜੀਤ ਕੌਰ ਹਾਜਿਰ ਸਨ।