ਲਾਈਟ ਐਂਡ ਸਾਊਂਡ ਪ੍ਰੋਗਰਾਮ ਅਤੇ ਹੁਨਰ ਹਾਟ ਦਾ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੋਸਟਰ ਜਾਰੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਘੀ ਦੇ ਮੌਕੇ ਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਅਤੇ ਹੁਨਰ ਹਾਟ ਦਾ ਪੋਸਟਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਅਤੇ ਐੱਸ.ਐੱਸ.ਪੀ ਸ਼੍ਰੀ ਭਾਗੀਰਥ ਮੀਨਾ ਨੇ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ ਜਨਰਲ ਡਾ. ਨਯਨ, ਏ.ਡੀ.ਸੀ.ਡੀ ਸ਼੍ਰੀ ਸੁਰਿੰਦਰ ਸਿੰਘ, ਐੱਸ.ਡੀ.ਐਮ ਸ਼੍ਰੀ ਕੰਵਰਜੀਤ ਸਿੰਘ ਵੀ ਵਿਸ਼ੇਸ ਤੌਰ ਤੇ ਹਾਜ਼ਿਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ 14 ਅਤੇ 15 ਜਨਵਰੀ ਨੂੰ ਸ਼ਾਮ ਸਮੇਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਸਰਬੰਸਦਾਨੀ ਦੀ ਪੇਸ਼ਕਾਰੀ ਹੋਵੇਗੀ। ਇਹ ਪ੍ਰੋਗਰਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਤੇ ਅਧਾਰਿਤ ਹੈ ਅਤੇ ਸ਼੍ਰੀ ਮੁਕਤਸਰ ਸਾਹਿਬ ਵਿਖੇ ਇਸ ਤਰ੍ਹਾਂ ਦਾ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ। ਇਸ ਵਿੱਚ ਗੱਤਕੇ ਸਮੇਤ ਸਾਡੀ ਵਿਰਾਸਤ ਦੇ ਹੋਰ ਗੌਰਵਸ਼ਾਲੀ ਰੰਗ ਵੀ ਹੋਣਗੇ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਹੀ 13 ਤੋਂ 15 ਜਨਵਰੀ ਤੱਕ
ਹੁਨਰ ਹਾਟ ਸਥਾਪਿਤ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਵੱਖ-ਵੱਖ ਦਸਤਕਾਰਾਂ ਦੇ ਕਲਾਤਮਕ ਸਮਾਨ, ਸਵੈ ਸਹਾਇਤਾ ਸਮੂਹਾਂ ਦੇ ਸਟਾਲ, ਰਵਾਇਤੀ ਭੋਜਨ ਸਟਾਲ, ਪੁਸਤਕ ਪ੍ਰਦਰਸ਼ਨੀਆਂ, ਦਸਤਾਰ ਸਿਖਲਾਈ ਕੈਂਪ ਆਦਿ ਸ਼ਾਮਿਲ ਹੋਣਗੇ। ਡਿਪਟੀ ਕਮਿਸ਼ਨਰ ਨੇ ਸਮੂਹ ਸੰਗਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਆਯੋਜਨ ਵਿੱਚ ਪਹੁੰਚਣ ਦਾ ਹਾਰਦਿਕ ਸੱਦਾ ਦਿੰਦਿਆਂ ਕਿਹਾ ਕਿ ਲਾਈਟ ਐਂਡ ਸਾਊਂਡ ਪ੍ਰੋਗਰਾਮ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਗੌਰਵਸ਼ਾਲੀ ਇਤਿਹਾਸ ਤੋਂ ਜਾਣੂੰ ਕਰਵਾਏਗਾ। ਹੁਨਰ ਹਾਟ ਅਤੇ ਲਾਟੀਟ ਐਂਡ ਸਾਉਂਡ ਪ੍ਰੋਗਰਾਮ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਮਾਘੀ ਦੀਆਂ ਤਿਆਰੀਆਂ ਦੀ ਸਮੀਖਿਆ ਬੈਠਕ ਵੀ ਕੀਤੀ ਅਤੇ ਜ਼ਿਲ੍ਹੇ ਦਾ ਮਾਘੀ ਸੰਬੰਧੀ ਕਮਿਊਨੀਕੇਸ਼ਨ ਪਲਾਨ ਵੀ ਜਾਰੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਾਘੀ ਲਈ ਸਿਵਲ ਕੰਟਰੋਲ ਰੂਮ ਦਾ ਨੰਬਰ 01633-262665 ਹੋਵੇਗਾ। ਬੈਠਕ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਸਰੋਜ ਬਾਲਾ, ਤਹਿਸੀਲਦਾਰ ਸ਼੍ਰੀ ਸੁਖਬੀਰ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਰਜਨੀਸ਼ ਕੁਮਾਰ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਵੀ ਹਾਜ਼ਿਰ ਸਨ। Author: Malout Live