ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਹੁਣ ਤੱਕ ਹੋਈ 3.51 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਣਕ ਦੀ ਲਿਫਟਿੰਗ ਵਿੱਚ ਹੋਰ ਤੇਜ਼ੀ ਦੇ ਉਦੇਸ਼ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਬਰੀਵਾਲਾ ਦੀ ਮੁੱਖ ਮੰਡੀ ਤੋਂ ਇਲਾਵਾ ਇਨ੍ਹਾਂ ਮਾਰਕੀਟ ਕਮੇਟੀਆਂ ਦੇ ਅਧੀਨ ਪੈਂਦੇ ਫੋਕਲ ਪੁਆਇੰਟਾਂ ਤੋਂ ਕਣਕ ਦੀ ਲਿਫਟਿੰਗ ਦਾ ਕੰਮ ਆੜ੍ਹਤੀਆਂ ਨੂੰ ਦਿੱਤਾ ਗਿਆ ਹੈ ਤਾਂ ਜੋ ਉਹ ਟਰੈਕਟਰ ਟਰਾਲੀਆਂ ਦੀ ਮੱਦਦ ਨਾਲ ਛੇਤੀ ਤੋਂ ਛੇਤੀ ਲਿਫਟਿੰਗ ਕਰ ਸਕਣ। ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਕੁੱਲ 3,96,565 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ 3,51,284 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਨਗਰੇਨ ਨੇ 14,771 ਮੀਟ੍ਰਿਕ ਟਨ, ਮਾਰਕ ਫੈਡ ਨੇ 15,386 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਨੇ 12,665 ਮੀਟ੍ਰਿਕ ਟਨ ਅਤੇ ਪਨਸਪ ਨੇ 15,037 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਜਦਕਿ ਹੁਣ ਤੱਕ ਪਨਗਰੇਨ ਜਿਲ੍ਹੇ ਵਿੱਚ ਕੁੱਲ 86,062 ਮੀਟ੍ਰਿਕ ਟਨ, ਮਾਰਕਫੈਡ 105319 ਮੀਟ੍ਰਿਕ ਟਨ, ਪਨਸਪ 76,162 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ 83,655 ਮੀਟ੍ਰਿਕ ਟਨ ਅਤੇ ਨਿਜੀ ਵਪਾਰੀ 236 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਚੁੱਕੇ ਹਨ। ਜਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 69,986 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਵੇਚੀ ਗਈ ਕਣਕ ਦੀ ਅਦਾਇਗੀ ਉਨ੍ਹਾਂ ਨੂੰ ਨਾਲੋਂ-ਨਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 563.68 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। Author : Malout Live