ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਤਿੰਨੋ ਮਰੀਜਾਂ ਦੀਆਂ ਰਿਪੋਟਾਂ ਆਈਆਂ ਨੈਗੇਟਿਵ

ਸ੍ਰੀ ਮੁਕਤਸਰ ਸਾਹਿਬ:- ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਆਈ.ਏ.ਐਸ ਨੇ ਅੱਜ ਜ਼ਿਲੇ ਵਿਚ ਕਰੋਨਾ ਸਬੰਧੀ ਕੀਤੇ ਜਾ ਰਹੇ ਅਗੇਤੇ ਪ੍ਰਬੰਧਾ ਅਤੇ ਜਨਜਾਗਰੁਕਤਾ ਗਤੀਵਿਧੀਆਂ ਦੀ ਸਮੀਖਿਆ ਲਈ ਬੈਠਕ ਕੀਤੀ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਪਰ ਨਾਲ ਹੀ ਕਿਹਾ ਕਿ ਫਿਲਹਾਲ ਜ਼ਿਲੇ ਵਿਚ ਕੋਈ ਖਤਰਾ ਨਹੀਂ ਹੈ। ਪਰ ਨਾਲ ਹੀ ਉਨਾਂ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਅਤੇ ਪ੍ਰਹੇਜ ਰੱਖਣ ਲਈ ਕਿਹਾ। ਇਸ ਮੌਕੇ ਸਿਵਲ ਸਰਜਨ ਡਾ. ਐਚ.ਐਨ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਫਿਲਹਾਲ ਕਰੋਨਾ ਦਾ ਕੋਈ ਵੀ ਕਨਫਰਮ ਕੇਸ ਨਹੀਂ ਹੈ। ਉਨਾਂ ਨੇ ਦੱਸਿਆ ਕਿ ਜਿੰਨਾਂ 3 ਮਰੀਜਾਂ ਦੇ ਸੈਂਪਲ ਭੇਜੇ ਗਏ ਸਨ ਉਹ ਨਮੂਨੇ ਨੈਗੇਟਿਵ ਆਏ ਹਨ ਭਾਵ ਉਨਾਂ ਵਿਚ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਤਿੰਨ ਜਾਗਰੁਕਤਾ ਵੈਨ ਚਲਾਈਆਂ ਗਈਆਂ ਹਨ। ਇਸ ਤੋਂ ਬਿਨਾ ਪੋਸਟਰ ਵੰਡੇ ਜਾ ਰਹੇ ਹਨ। ਹੋਰਡਿੰਗਜ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਨੁੱਕੜ ਨਾਟਕ ਵੀ ਪੇਸ਼ ਕੀਤੇ ਜਾਣਗੇ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਦਵਾ ਵਿਕ੍ਰੇਤਾ ਨੇ ਮਹਿੰਗੇ ਮੁਲ ਤੇ ਸੈਨੇਟਾਈਜਰ ਜਾਂ ਮਾਸਕ ਵੇਚੇ ਤਾਂ ਪੁਲਿਸ ਕੇਸ ਦਰਜ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਵਾਸੀ ਕਰੋਨਾ ਵਾਇਰਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਸਿਹਤ ਵਿਭਾਗ ਦੇ ਹੈਲਪ ਲਾਈਨ ਨੰਬਰ 01633-264792 ਨੰਬਰ ਤੇ ਸੰਪਰਕ ਕਰ ਸਕਦੇ ਹਨ। ਬੈਠਕ ਵਿਚ ਏਡੀਸੀ ਜਨਰਲ ਸੰਦੀਪ ਕੁਮਾਰ, ਐਸਡੀਐਮ ਗੋਪਾਲ ਸਿੰਘ, ਸ੍ਰੀ ਓਮ ਪ੍ਰਕਾਸ਼, ਡੀਡੀਪੀਓ ਅਰੁਣ ਕੁਮਾਰ ਅਤੇ ਐਸ.ਪੀ ਪਰਮਜੀਤ ਸਿੰਘ ਹਾਜਰ ਸਨ।