ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਨੂੰ ਲੈ ਕੇ ਵੱਜੀ ਖਤਰੇ ਦੀ ਘੰਟੀ, ਮੁੱਖ ਮੰਤਰੀ ਨੇ ਸੱਦੀ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪਹਾੜੀ ਸੂਬਿਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹਾਂ ਨੂੰ ਲੈ ਕੇ ਖ਼ਤਰੇ ਦੀ ਘੰਟੀ ਵੱਜ ਗਈ ਹੈ। ਇਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੁਪਹਿਰ 12 ਵਜੇ ਮੀਟਿੰਗ ਬੁਲਾਈ ਹੈ, ਜਿਸ ਵਿੱਚ ਕਈ ਅਧਿਕਾਰੀ ਤੇ ਮੰਤਰੀ ਸ਼ਾਮਿਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਬੇਸਹਾਰਾ ਪਸ਼ੂਆਂ ਦੇ ਬੰਦੋਬਸਤ ਨੂੰ ਲੈ ਕੇ ਵੀ ਗੱਲਬਾਤ ਹੋਵੇਗੀ। ਬੀਤੇ ਦਿਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਕਾਰਨ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ। ਡੈਮ ਤੋਂ ਛੱਡੇ ਗਏ ਪਾਣੀ ਨੇ ਕੁੱਝ ਘੰਟਿਆਂ ’ਚ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ। ਹੜ੍ਹ ਵਰਗੇ ਹਾਲਾਤ ਨੂੰ ਦੇਖਦਿਆਂ ਰੋਪੜ ਦੇ ਜਿਲ੍ਹਾ ਪ੍ਰਸ਼ਾਸਨ ਨੇ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਤੋਂ ਮੱਦਦ ਮੰਗੀ ਹੈ। ਰੋਪੜ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੂਬਾ ਸਰਕਾਰ ਤੋਂ ਹੜ੍ਹ ਵਿਚ ਫਸੇ ਨਿਵਾਸੀਆਂ ਨੂੰ ਬਚਾਉਣ ਲਈ ਫ਼ੌਜ ਤੋਂ ਮੱਦਦ ਲੈਣ
ਤੇ ਹੈਲੀਕਾਪਟਰ ਬੁਲਾਉਣ ਦੀ ਬੇਨਤੀ ਕੀਤੀ ਹੈ। ਇਕ ਅਧਿਕਾਰੀ ਦੇ ਅਨੁਸਾਰ ਸਰਕਾਰ ਨੇ ਇਸ ਮਾਮਲੇ ਨੂੰ ਰੱਖਿਆ ਮੰਤਰਾਲਾ ਕੋਲ ਚੁੱਕਿਆ ਹੈ। ਉਧਰ ਮੰਤਰੀ ਹਰਜੋਤ ਸਿੰਘ ਬੈਂਸ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਭਾਖੜਾ ਡੈਮ 'ਚ ਜ਼ਿਆਦਾ ਪਾਣੀ ਦੀ ਆਮਦ/ਚੜ੍ਹਨ ਕਾਰਨ ਦਰਿਆ ਦੇ ਨਾਲ ਲੱਗਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਈ ਪਿੰਡਾਂ ਬੇਲਾ ਧਿਆਨੀ, ਭਲਾਨ, ਭਨਾਮ, ਜਿੰਦਵੜੀ, ਦੱਸਗਰਾਈਂ, ਨਿੱਕੂਵਾਲ ਜੋਲ, ਪਲਾਸੀ, ਚੰਦਪੁਰ, ਬੁਰਜ, ਹਰੀਵਾਲ, ਮਹਿੰਦਲੀ ਕਲਾਂ, ਹਰਸਾ ਬੇਲਾ, ਗੋਹਲਣੀ ਵਿੱਚ ਪਾਣੀ ਆਉਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਹਰ ਪਿੰਡ ਪੁੱਜ ਰਿਹਾ ਹੈ, NDRF ਦੀਆਂ ਟੀਮਾਂ ਆ ਚੁੱਕੀਆਂ ਹਨ ਤੇ ਮੈਂ ਤੇ ਮੇਰੀ ਟੀਮ ਵੀ ਖੁੱਦ ਪਿੰਡਾਂ ਵਿੱਚ ਹਾਂ। ਸਮਾਂ ਰਹਿੰਦੇ ਜ਼ਿਆਦਾ ਪਾਣੀ ਵਾਲੇ ਪਿੰਡਾਂ ਦੇ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤੇ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਹੋਣ। ਬੈਂਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਇਸ ਕੁਦਰਤੀ ਆਫ਼ਤ ਦਾ ਸਾਹਮਣਾ ਅਸੀਂ ਸਭ ਨੇ ਮਿਲ ਕੇ ਕਰਨਾ ਹੈ। Author: Malout Live