ਹਰਿਆਣਾ ਵਿਧਾਨ ਸਭਾ ਚੋਣਾਂ 'ਚ ਲੰਬੀ ਤੋਂ ਚੋਣ ਪ੍ਰਚਾਰ ਲਈ ਜਾਣਗੇ ਅਕਾਲੀ ਵਰਕਰ
ਲੰਬੀ:- ਸ਼੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਵਿਚ ਚੋਣਾਂ ਲੜਨ ਦੇ ਐਲਾਨ ਉਪਰੰਤ ਪੰਜਾਬ ਦੀ ਲੀਡਰਸ਼ਿਪ ਨੇ ਹਰਿਆਣਾ ਵਿਚ ਚੋਣ ਪ੍ਰਚਾਰ ਲਈ ਕਮਰਕਸੇ ਕਰ ਲਏ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਰਿਆਣਾ ਦੀਆਂ ਕੁੱਝ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਨ ਲਈ ਚਾਰਾ ਜੋਈ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਭਾਜੀ ਮੋੜਦਿਆਂ ਭਾਜਪਾ ਦੇ ਕਾਲਾਂਵਾਲੀ ਹਲਕੇ ਦੇ ਇੰਚਾਰਜ ਰਾਜਿੰਦਰ ਸਿੰਘ ਦੇਸੂਜੋਧਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਕਰਦਿਆਂ ਉਸਨੂੰ ਕਾਲਾਂਵਾਲੀ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਯੂਥ ਦੇ ਸਰਕਲ ਪ੍ਰਧਾਨ ਰਣਯੋਧ ਸਿੰਘ ਲੰਬੀ ਤੇ ਯੂਥ ਆਗੂ ਜਗਮੀਤ ਸਿੰਘ ਨੀਟੂ ਤੱਪਾਖੇੜਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਅਕਾਲੀ ਆਗੂਆਂ ਦੀ ਅਗਵਾਈ ਵਿਚ ਲੰਬੀ ਹਲਕੇ ਤੋਂ ਹਰਿਆਣਾ ਦੇ ਹਲਕਾ ਕਾਲਾਂਵਾਲੀ ਵਿਚ ਚੋਣ ਪ੍ਰਚਾਰ ਲਈ ਅਕਾਲੀ ਵਰਕਰਾਂ ਦਾ ਵੱਡਾ ਜਥਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਲਾਂਵਾਲੀ ਤੋਂ ਉਮੀਦਵਾਰ ਰਾਜਿੰਦਰ ਸਿੰਘ ਦੇਸੂਜੋਧਾ ਆਪਣੇ ਕਾਗ਼ਜ਼ ਦਾਖਲ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵੱਡੇ ਕਾਫ਼ਲੇ ਵਲੋਂ ਰੋੜੀ ਤੋਂ ਕਾਲਾਂਵਾਲੀ ਤੱਕ ਰੋਡ ਸ਼ੋਅ ਕੀਤਾ ਜਾ ਰਿਹਾ ਹੈ।