ਡਿਪਟੀ ਸਪੀਕਰ ਭੱਟੀ ਨੇ ਮਲੋਟ 'ਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਮਲੋਟ:- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨੇ ਨਵੀਂ ਦਾਣਾ ਮੰਡੀ ਮਲੋਟ ਵਿਖੇ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਹ ਸ਼ੁਰੂਆਤ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕੀਤੀ। ਖ਼ਰੀਦ ਮੌਕੇ ਐੱਸ.ਡੀ.ਐੱਮ. ਮਲੋਟ ਗੋਪਾਲ ਸਿੰਘ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ, ਆੜ੍ਹਤੀ ਐਸੋ: ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਬਲਦੇਵ ਕੁਮਾਰ ਲਾਲੀ ਗਗਨੇਜਾ ਸਕੱਤਰ ਪੰਜਾਬ ਕਾਂਗਰਸ, ਜਸਬੀਰ ਸਿੰਘ ਸੰਧੂ ਸੂਬਾ ਸਕੱਤਰ, ਵਰਿੰਦਰ ਮੱਕੜ, ਸ਼ੁਭਦੀਪ ਸਿੰਘ ਬਿੱਟੂ, ਆੜ੍ਹਤੀ ਲਖਵੀਰ ਸਿੰਘ ਝੰਡ, ਬਲਰਾਜ ਸਿੰਘ ਢਿੱਲੋਂ, ਰਾਜਪਾਲ ਢਿੱਲੋਂ, ਅਵਤਾਰ ਸਿੰਘ, ਰਨਜੀਤ ਸਿੰਘ ਮਾਨ, ਕੁਲਵੰਤ ਸਿੰਘ ਪੰਜਾਵਾ ਸਮੇਤ ਆੜ੍ਹਤੀ ਤੇ ਪਨਸਪ ਦੇ ਇੰਸਪੈਕਟਰ ਸੰਦੀਪ ਸਿੰਘ ਹਾਜ਼ਰ ਹੋਏ। ਸ. ਭੱਟੀ ਨੇ ਵਰਿੰਦਰ ਐਾਡ ਕੰਪਨੀ ਫ਼ਰਮ ਤੋਂ ਕਿਸਾਨ ਬਲਜਿੰਦਰ ਸਿੰਘ ਪਿੰਡ ਈਨਾਖੇੜਾ ਦੇ ਝੋਨੇ ਦੀ ਢੇਰੀ ਤੇ ਬੂਟਾ ਸਿੰਘ, ਸੁਖਚੈਨ ਸਿੰਘ ਆੜ੍ਹਤ ਤੋਂ ਕਿਸਾਨ ਪ੍ਰਭਜੀਤ ਸਿੰਘ ਸ਼ਾਮਖੇੜਾ ਦੀ ਢੇਰੀ ਦੀ ਖ਼ਰੀਦ ਕੀਤੀ। ਦੋਵੇਂ ਢੇਰੀਆਂ ਪਨਸਪ ਖ਼ਰੀਦ ਏਜੰਸੀ ਨੇ ਸਰਕਾਰੀ ਰੇਟ 1835 ਰੁਪਏ ਦੇ ਹਿਸਾਬ ਨਾਲ ਖਰੀਦੀਆਂ। ਉਨ੍ਹਾਂ ਖ਼ਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਡਿਪਟੀ ਸਪੀਕਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਏਜੰਸੀਆਂ ਵਲੋਂ ਮਿਥੇ ਨਿਯਮਾਂ ਅਨੁਸਾਰ ਸੁੱਕਾ ਝੋਨਾ ਮੰਡੀ ਵਿਚ ਲਿਆਂਦਾ ਜਾਵੇ।