ਕਿਸਾਨ ਝੋਨੇ ਵਿੱਚ ਦਾਣੇਦਾਰ ਜ਼ਹਿਰਾਂ ਦੀ ਵਰਤੋ ਤੋ ਗੁਰੇਜ਼ ਕਰਨ - ਮੁੱਖ ਖੇਤੀਬਾੜੀ ਅਫਸਰ।
ਸ੍ਰੀ ਮੁਕਤਸਰ ਸਾਹਿਬ:- ਡਾ. ਜਲੋਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਸਾਰੇ ਪਿੰਡਾਂ ਵਿੱਚ ਝੋਨਾ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨਾਂ ਦੱਸਿਆ ਕਿ ਕਈ ਕਿਸਾਨ ਝੋਨਾ ਲਗਾਉਣ ਸਾਰ ਹੀ ਕੁਝ ਦਾਣੇਦਾਰ ਜ਼ਹਿਰ ਜਿਵੇ ਕਿ ਕਾਰਟਪ 4 ਜੀ ਤੋ ਇਲਾਵਾ ਫਿਫਰੋਨਿਲ, ਕਲੋਰੋਪਾਈਰੀਫਾਸ ਆਦਿ ਦੀ ਵਰਤੋ ਕਰਦੇ ਹਨ। ਇਨਾਂ ਜ਼ਹਿਰਾਂ ਨੂੰ ਖੜੇ ਪਾਣੀ ਵਿੱਚ ਪਾਉਣ ਕਰਕੇ ਜਿਥੇ ਸਾਡਾ ਧਰਤੀ ਹੇਠਲਾ ਪਾਣੀ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਕਿਸਾਨ ਦੇ ਖਰਚੇ ਵਿੱਚ ਵੀ ਵਾਧਾ ਹੋ ਰਿਹਾ ਹੈ। ਉਨਾਂ ਦੱਸਿਆ ਕਿ ਪੀ.ਏ.ਯੂ ਦੁਆਰਾ ਇਨਾਂ ਜ਼ਹਿਰਾਂ ਦੀ ਵਰਤੋ ਝੋਨੇ ਵਿੱਚ ਕਰਨ ਦੀ ਸਿਫਾਰਸ਼ ਬਿਲਕੁਲ ਨਹੀਂ ਕੀਤੀ ਗਈ । ਉਨਾਂ ਕਿਹਾ ਕਿ ਕੰਪਨੀਆ ਕਿਸਾਨਾਂ ਨੂੰ ਝੋਨੇ ਦਾ ਵੱਧ ਫੁਟਾਰੇ ਦਾ ਝਾਂਸਾ ਦੇ ਦਾਣੇਦਾਰ ਜ਼ਹਿਰ ਵੇਚਦੀਆ ਹਨ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਵਿੱਚ ਇਸ ਤਰਾਂ ਦੇ ਕਿਸੇ ਵੀ ਜ਼ਹਿਰ ਦੀ ਵਰਤੋ ਨਾ ਕਰਨ ਅਤੇ ਲੋੜ ਪੈਣ ਤੇ ਖੇਤੀ ਮਾਹਿਰਾਂ ਦੀ ਸਲਾਹ ਮੁਤਾਬਿਕ ਕੀਟਨਾਸ਼ਕਾਂ ਦੀ ਸਪਰੇਅ ਕਰਨ। ਡਾ ਜਲੋਰ ਸਿੰਘ ਨੇੇ ਕੀਟਨਾਸ਼ਕ ਵੇਚਣ ਵਾਲੀਆ ਕੰਪਨੀਆ ਨੂੰ ਵੀ ਹਦਾਇਤ ਕੀਤੀ ਕਿ ਫਸਲਾਂ ਸਬੰਧੀ ਰਸਾਇਣਕ ਵੇਚਣ ਸਮੇਂ ਲੇਬਲ ਕਲੇਮ ਤੋ ਬਾਹਰ ਜਾ ਕੇ ਫਸਲਾਂ ਦੇ ਫੁਟਾਰੇ ਸਬੰਧੀ ਕੋਈ ਹੋਰ ਗੈਰ ਕਾਨੂੰਨੀ ਕਲੇਮ ਬਿਲਕੁਲ ਨਾ ਕਰਨ। ਇਸ ਤਰਾਂ ਕਰਨਾ ਕੀਟਨਾਸ਼ਕ ਐਕਟ ਤੇ ਰੂਲਾਂ ਦੀ ਉਲੰੰਘਣਾ ਹੈ, ਜਿਸ ਕਾਰਨ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਇਸ ਮੌਕੇ ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਜੇਕਰ ਕਿਸਾਨਾਂ ਨੇ ਹਾੜੀ ਦੀ ਫਸਲ ਨੂੰ 60 ਕਿਲੋ ਡੀ.ਏ.ਪੀ ਪਾਈ ਹੈ ਤਾਂ ਸਾਉਣੀ ਦੀ ਫਸਲ ਨੂੰ ਡੀ.ਏ.ਪੀ ਪਾਉਣ ਦੀ ਲੋੜ ਨਹੀ, ਉਨਾਂ ਕਿਸਾਨਾਂ ਨੂੰ ਕਿਹਾ ਕਿ ਉਹ ਝੋਨਾ ਅਤੇ ਬਾਸਮਤੀ ਵਿੱਚ 20-25 ਕਿਲੋ ਜਿੰਕ ਸਲਫੇਟ 21 ਪ੍ਰਤੀਸ਼ਤ ਦੀ ਹੀ ਵਰਤੋ ਕਰਨ ਅਤੇ ਮਾੜੇ ਬੋਰਾਂ ਦੇ ਪਾਣੀ ਦੇ ਪ੍ਰਭਾਵ ਤੋ ਬਚਣ ਲਈ ਸਲਫਰ ਪਾਉਣ ਦੀ ਬਿਜਾਏ ਜਿਪਸਮ 5 ਬੈਗ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਕਰਨ ਤਾਂ ਜੋ ਕਿ ਖੇਤੀਬਾੜੀ ਮਹਿਕਮੇ ਵੱਲੋਂ 50 ਪ੍ਰਤੀਸ਼ਤ ਸਬਸਿਡੀ ਉਤੇ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਸਮੇਂ ਉਹਨਾਂ ਨਾਲ ਰੋਹਿਤ ਸੇਤੀਆ (ਏ.ਟੀ.ਐਮ ਆਤਮਾ) ਵੀ ਹਾਜ਼ਰ ਸਨ।