ਮਿਮਿਟ ਅਤੇ ਫਰੈਂਡਜ਼ ਯੂਨੀਅਨ ਆਫ਼ ਐਨਰਜਾਇਸਿੰਗ ਲਾਇਵਸ (ਫਿਊਲ) ਵਿਚਕਾਰ ਹੋਇਆ ਸਮਝੌਤਾ

ਮਲੋਟ: ਪੰਜਾਬ ਸਰਕਾਰ ਦੀ ਤਕਨੀਕੀ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਨੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਅਤੇ ਟੈਕਨੀਕਲ ਟਰੇਨਿੰਗ ਲਈ ਅੰਤਰਾਸ਼ਟਰੀ ਕੰਪਨੀ (ਫਿਊਲ) ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਬਾਰੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਐੱਚ.ਡੀ.ਐੱਫ.ਸੀ. ਬੈਂਕ ਅਤੇ ਫਿਊਲ ਦਾ ਸਾਂਝਾ ਉੱਦਮ ਹੈ ਕਿ ਵਿਦਿਆਰਥੀਆਂ ਨੂੰ ਕੰਪਨੀਆਂ ਲਈ ਉੱਚੇਚੇ ਤੌਰ 'ਤੇ ਤਿਆਰ ਕਰਨ ਲਈ ਵਿਦਿਆਰਥੀਆਂ ਨੂੰ ਉਹਨਾਂ ਦੇ ਕੋਰਸ ਦੀ ਪੜ੍ਹਾਈ ਦੇ ਨਾਲ-ਨਾਲ ਮੁਫ਼ਤ ਕੋਰਸ ਕਰਵਾਏ ਜਾਣ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ। ਇਸ ਸਮਝੌਤੇ ਲਈ ਕੰਪਨੀ ਦੇ ਪ੍ਰੋਜੈਕਟ ਕੋਆਰਡੀਨੇਟਰ ਜਗਦੀਪ ਸਿੰਘ ਵਿਸ਼ੇਸ਼ ਤੌਰ 'ਤੇ ਸੰਸਥਾ ਵਿਖੇ ਪਹੁੰਚੇ। ਸੰਸਥਾ ਵਿੱਚ ਪਹੁੰਚਣ 'ਤੇ ਸੰਸਥਾ ਦੇ ਡਾਇਰੈਕਟਰ ਅਤੇ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਜਗਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ

ਵਿਦਿਆਰਥੀਆਂ ਨੂੰ ਪੰਜਾਬ ਦੀ ਸਿਰਮੌਰ ਸੰਸਥਾ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਅਤੇ ਵਿਦਿਆਰਥੀਆਂ ਨੂੰ ਅਜੋਕੇ ਦੌਰ ਅੰਦਰ ਪ੍ਰੈਕਟੀਕਲ ਸਕਿੱਲ ਦੇ ਨਾਲ-ਨਾਲ ਬੋਲਚਾਲ ਅਤੇ ਆਦਰਸ਼ ਜੀਵਨ ਸ਼ੈਲੀ ਨੂੰ ਜਿਉਣ ਲਈ ਤੱਤਪਰ ਰਹਿਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਤਕਨੀਕੀ ਪੱਖ ਤੋਂ ਹੋਰ ਮਜਬੂਤ ਕਰਨ ਲਈ 15 ਰੋਜ਼ਾ ਪਾਈਥਨ ਦਾ ਕੋਰਸ ਸੰਸਥਾ ਵਿਖੇ ਸ਼ੁਰੂ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਦਿਨੀਂ ਵੱਖ-ਵੱਖ ਕਾਲਜਾਂ ਦੇ 60 ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ ਸੀ, ਜਿਸ 'ਚੋਂ 22 ਵਿਦਿਆਰਥੀ ਮਿਮਿਟ ਦੇ ਸਨ ਜਿਨ੍ਹਾਂ ਨੂੰ ਕੰਪਨੀ ਨੇ ਚੰਡੀਗੜ੍ਹ ਵਿਖੇ 40 ਦਿਨਾਂ ਦੀ ਮੁਫ਼ਤ ਟਰੇਨਿੰਗ ਦੇ ਨਾਲ-ਨਾਲ ਰਹਿਣਾ ਅਤੇ ਖਾਣਾ ਵੀ ਮੁਫ਼ਤ ਮੁਹੱਈਆ ਕਰਵਾਇਆ ਗਿਆ ਸੀ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵੱਲੋਂ ਟਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਡਾ. ਰਾਜਿੰਦਰ ਕੌਰ ਅਤੇ ਉਹਨਾਂ ਦੀ ਟੀਮ ਦੀ ਇਸ ਉਦੱਮ ਲਈ ਸ਼ਲਾਘਾ ਕੀਤੀ ਗਈ। Author: Malout Live