ਸਰਕਾਰ ਵਲੋਂ ਤੈਅ ਰੇਟ ਅਨੁਸਾਰ ਸੀ. ਸੀ. ਆਈ. ਵਲੋਂ ਖ਼ਰੀਦੀ ਜਾ ਰਹੀ ਹੈ ਕਿਸਾਨਾਂ ਦੀ ਫ਼ਸਲ
ਮਲੋਟ- ਸਥਾਨਕ ਦਾਣਾ ਮੰਡੀ ਵਿਖੇ ਸੀ. ਸੀ. ਆਈ. ਵਲੋਂ ਸਰਕਾਰ ਦੇ ਤੈਅ ਕੀਤੇ ਰੇਟ ਅਨੁਸਾਰ ਹੀ ਕਿਸਾਨਾਂ ਦੀ ਨਰਮੇ ਦੀ ਫ਼ਸਲ ਖ਼ਰੀਦੀ ਜਾ ਰਹੀ ਹੈ । ਇਸ ਮੌਕੇ ਸੀ.ਸੀ.ਆਈ ਦੇ ਖ਼ਰੀਦ ਅਧਿਕਾਰੀ ਵਿਜੇਂਦਰ ਯਾਦਵ ਨੇ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵਲੋਂ ਨਰਮੇ ਦੀ ਫ਼ਸਲ ਦੇ ਸਹੀ ਰੇਟ ਰੱਖੇ ਗਏ ਹਨ, ਜਿਸ ਨਰਮੇ ਦੀ ਫ਼ਸਲ ਵਿਚ 8 ਪ੍ਰਤੀਸ਼ਤ ਨਮੀ ਹੈ ਉਸਦਾ ਰੇਟ 5450 ਰੁਪਏ ਪ੍ਰਤੀ ਕੁਇੰਟਲ, 9 ਪ੍ਰਤੀਸ਼ਤ ਨਮੀ ਵਾਲੇ ਨਰਮੇ ਦਾ ਰੇਟ 5395 ਰੁਪਏ ਪ੍ਰਤੀ ਕੁਇੰਟਲ ਅਤੇ 10 ਪ੍ਰਤੀਸ਼ਤ ਨਮੀ ਵਾਲੇ ਨਰਮੇ ਦਾ ਰੇਟ 5341 ਰੁਪਏ ਪ੍ਰਤੀ ਕੁਵਿੰਟਲ, 11 ਪ੍ਰਤੀਸ਼ਤ ਨਮੀ ਵਾਲੇ ਨਰਮੇ ਦਾ ਰੇਟ 5286 ਰੁਪਏ ਅਤੇ 12 ਪ੍ਰਤੀਸ਼ਤ ਨਮੀ ਵਾਲੇ ਨਰਮੇ ਦਾ ਰੇਟ 5232 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਰਮਾ ਖ਼ਰੀਦਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ 12 ਪ੍ਰਤੀਸ਼ਤ ਨਮੀ ਵਾਲਾ ਨਰਮਾ ਸੀ.ਸੀ.ਆਈ ਏਜੰਸੀ ਵਲੋਂ ਨਹੀਂ ਖ਼ਰੀਦਿਆ ਜਾਵੇਗਾ । ਖ਼ਰੀਦ ਏਜੰਸੀ ਦੇ ਮੈਨੇਜਰ ਰਾਜੀਵ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਕਿਸਾਨ ਭਰਾਵਾਂ ਨੇ ਸਹੀ ਭਾਅ 'ਤੇ ਸੀ.ਸੀ.ਆਈ ਨੂੰ ਆਪਣੀ ਨਰਮੇ ਦੀ ਫ਼ਸਲ ਵੇਚਣੀ ਹੈ ਤਾਂ ਆਪਣੀ ਫ਼ਸਲ ਨੂੰ ਸੁਕਾ ਕੇ ਲੈ ਕੇ ਆਉਣ ਤਾਂਕਿ ਉਨ੍ਹਾਂ ਨੂੰ ਫ਼ਸਲ ਦਾ ਚੰਗਾ ਭਾਅ ਮਿਲ ਸਕੇ ਅਤੇ ਇਸ ਤੋਂ ਇਲਾਵਾ ਕਿਸਾਨ ਭਰਾ ਪਾਰਪੋਰਟ ਸਾਈਜ਼ 2 ਫ਼ੋਟੋਆਂ, ਬੈਂਕ ਦੀ ਪਾਸ ਬੁੱਕ ਤੇ ਆਪਣਾ ਆਧਾਰ ਕਾਰਡ ਲੈ ਕੇ ਆਉਣ ਤਾਂਕਿ ਕਿਸਾਨਾਂ ਨੂੰ ਰਜਿਸਟਰਡ ਕਰਕੇ ਉਨ੍ਹਾਂ ਦੇ ਨਰਮੇ ਦੀ ਖ਼ਰੀਦੀ ਫ਼ਸਲ ਦੀ ਰਕਮ ਉਨ੍ਹਾਂ ਦੇ ਖਾਤੇ ਵਿਚ ਜਲਦੀ ਆ ਸਕੇ ।