ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਸੰਪਰਕਕਰਤਾ ਅਧਿਕਾਰੀ ਵੱਲੋਂ ਜਿ਼ਲ੍ਹੇ ਦਾ ਲਿਆ ਜਾਇਜ਼ਾ ਜਲ ਪ੍ਰਦੁਸ਼ਣ ਨਿਯੰਤਰਣ ਸੰਬੰਧੀ ਕੀਤੀ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਨਹਿਰੀ ਪਾਣੀ ਪੀਣ ਲਈ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਂਦਾ ਹੈ ਸੋ ਇਸ ਪਾਣੀ ਦੀ ਬੱਚਤ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕੌਮੀ ਮਨੁੱਖੀ ਅਧਿਕਾਰੀ ਕਮਿਸ਼ਨ ਦੇ ਵਿਸੇਸ਼ ਰੈਪਰਿਪੋਰਟਰ (ਵਿਸ਼ੇਸ਼ ਸੰਪਰਕਕਰਤਾ ਅਧਿਕਾਰੀ) ਸ਼੍ਰੀ ਮਹੇਸ਼ ਕੁਮਾਰ ਸਿੰਗਲਾ ਨੇ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਮੀਟਿੰਗ ਦੌਰਾਨ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਜ਼ਿਲ੍ਹੇ ਵਿੱਚ ਪੀਣ ਯੋਗ ਪਾਣੀ ਕੇਵਲ ਨਹਿਰੀ ਪਾਣੀ ਹੈ, ਜਿਸ ਦੀ ਮਾਤਰਾ ਸੀਮਿਤ ਹੋਣ ਕਾਰਣ ਇਸ ਦੀ ਬਰਬਾਦੀ ਨਾ ਕੀਤੀ ਜਾਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਉਹਨਾਂ ਨੂੰ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਤੋਂ ਤਕਰੀਬਨ 4.5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਮੁੱਹਈਆ ਕਰਵਾਇਆ ਜਾ ਸਕੇ।
ਸ਼੍ਰੀ ਮਹੇਸ਼ ਕੁਮਾਰ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਉਹ ਸਥਾਨਕ ਹਲਾਤਾਂ ਦਾ ਅਧਿਐਨ ਕਰਨ ਲਈ ਆਏ ਹਨ। ਉਹਨਾਂ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸਾਫ਼ ਪਾਣੀ ਦੇ ਮਹੱਤਵ ਤੋਂ ਜਾਣੂੰ ਕਰਵਾ ਕੇ ਉਹਨਾਂ ਨੂੰ ਵਾਟਰ ਵਰਕਸ ਦਾ ਪਾਣੀ ਪੀਣ ਲਈ ਹੀ ਪ੍ਰੇਰਿਤ ਕਰਨ ਅਤੇ ਇਸ ਪਾਣੀ ਨਾਲ ਗੱਡੀ ਧੋਣ, ਪਸ਼ੂਆਂ ਨੂੰ ਨਹਾਉਣ ਲਈ, ਕੱਪੜੇ ਧੋਣ ਲਈ, ਵਾਧੂ ਪਾਣੀ ਦਾ ਛਿੜਕਾਓ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਜਦੋਂ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲ੍ਹੇ ਵਿੱਚ ਹਰ ਘਰ ਨੂੰ 70 ਲੀਟਰ ਪਾਣੀ ਦਿੱਤਾ ਜਾਂਦਾ ਹੈ ਤਾਂ ਉਹਨਾਂ ਕਿਹਾ ਕਿ ਇਸ ਪਾਣੀ ਨੂੰ ਪੀਣ ਲਈ ਹੀ ਵਰਤਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵੀ ਨਹਿਰੀ ਪਾਣੀ ਦੀ ਜਾਂਚ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਇਸ ਪਾਣੀ ਨੂੰ ਕੇਵਲ ਪੀਣ ਲਈ ਵੱਧ ਤੋਂ ਵੱਧ ਦੱਸਿਆ ਜਾਵੇ। ਅੰਤ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਜਲ ਸੰਭਾਲ ਲਈ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਉਣਗੇ। ਇਸ ਮੌਕੇ ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ, ਚਮਕ ਸਿੰਗਲਾ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਹਰਪਾਲ ਸਿੰਘ ਐੱਸ.ਡੀ.ਓ, ਰਵੀ ਗੋਇਲ ਐੱਸ.ਡੀ.ਓ ਅਤੇ ਸ. ਗੁਰਦੀਪ ਸਿੰਘ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਉੱਚੇਚੇ ਤੌਰ ‘ਤੇ ਹਾਜ਼ਿਰ ਹੋਏ। Author: Malout Live