ਮਲੋਟ ਦੇ ਪਿੰਡ ਰੱਤਾ ਖੇੜਾ ਦੇ ਹਾਈ ਸਕੂਲ ਵਿੱਚ ‘ਜਲਗਾਹ ਬਚਾਓ’ ਵਿਸ਼ੇ ਤੇ ਵਿਦਿਆਰਥੀਆਂ ਦੇ ਕਰਵਾਏ ਗਏ ਮੁਕਾਬਲੇ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ਵਾਤਾਵਰਣ ਤੇ ਜੰਗਲਾਤ ਮੰਤਰਾਲੇ, ਜਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਡੀ.ਐੱਮ ਰਾਜਨ ਗੋਇਲ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਰੱਤਾ ਖੇੜਾ ਵਿਖੇ ਵਾਤਾਵਰਨ ਵਿੱਦਿਅਕ ਪ੍ਰੋਗਰਾਮ ਤਹਿਤ ‘ਜਲਗਾਹ ਬਚਾਓ’ ਵਿਸ਼ੇ ਤੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਪੇਂਟਿੰਗਸ ਅਤੇ ਪੋਸਟਰ ਤਿਆਰ ਕਰਕੇ ਜਲਗਾਹਾਂ ਪ੍ਰਤੀ ਆਪਣੀ ਸੰਵੇਦਨਾ ਪੇਸ਼ ਕਰਦੇ ਹੋਏ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਅਤੇ ਭਾਸ਼ਣ ਮੁਕਾਬਲਿਆਂ ਰਾਹੀਂ ਵੀ ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਹੋਏ ਦੱਸਿਆ ਕਿ

ਇਹ ਜਲਗਾਹਾਂ, ਜਿਥੇ ਵੱਖ-ਵੱਖ ਜਲ ਜੀਵਾਂ ਦੀ ਜੀਵਨ ਭੂਮੀ ਹੈ, ਉੱਥੇ ਸਾਡਾ ਭਵਿੱਖ ਵੀ ਇਨ੍ਹਾਂ ਜਲਗਾਹਾਂ ਨਾਲ ਹੀ ਜੁੜਿਆ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਵਧੀਆ ਕਾਰਗੁਜ਼ਾਰੀ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਹੈੱਡ ਮਾਸਟਰ ਸ਼੍ਰੀ ਮਲਕੀਤ ਸਿੰਘ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਮੀਨੂੰ ਬਾਲਾ, ਗੁਰਵਿੰਦਰ ਸਿੰਘ, ਸਤਨਾਮ ਕੌਰ, ਪੂਨਮ ਰਾਣੀ, ਸ਼ਵੈਤਾ ਅਤੇ ਨਵਪਿੰਦਰ ਸਿੰਘ ਵੀ ਹਾਜਰ ਸਨ। Author: Malout Live