ਨਾਬਾਲਿਗ ਬੱਚਿਆਂ ਵੱਲੋਂ ਵਹੀਕਲ ਚਲਾਉਣ ‘ਤੇ ਪੁਲਿਸ ਨੇ ਕੱਟੇ ਚਲਾਨ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ
ਮਲੋਟ (ਸ਼੍ਰੀ ਮੁਕਤਸਰ ਸਾਹਿਬ):- ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਆਈ.ਪੀ.ਐੱਸ (ਡੀ.ਜੀ.ਪੀ) ਸ਼੍ਰੀ ਗੌਰਵ ਯਾਦਵ ਅਤੇ ਆਈ.ਪੀ.ਐੱਸ (ਆਈ.ਜੀ.ਪੀ) ਰੇਂਜ ਫਰੀਦਕੋਟ ਸ਼੍ਰੀ ਪ੍ਰਦੀਪ ਕੁਮਾਰ ਯਾਦਵ ਦੀਆਂ ਹਦਾਇਤਾਂ ਤਹਿਤ ਆਈ.ਪੀ.ਐੱਸ (ਐੱਸ.ਐੱਸ.ਪੀ) ਡਾ. ਸਚਿਨ ਗੁਪਤਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਜਿੱਥੇ ਨਾਕਿਆਂ, ਚੁਰਸਤਿਆ ‘ਤੇ ਟ੍ਰੈਫਿਕ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ, ਉੱਥੇ ਹੀ ਪੁਲਿਸ ਦੀ ਅਵੈਰਨੈੱਸ ਟੀਮ ਵੱਲੋਂ ਪਿੰਡਾਂ/ਸ਼ਹਿਰਾਂ ਅਤੇ ਸਕੂਲਾਂ/ਕਾਲਜਾਂ ਵਿੱਚ ਜਾ ਕੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਅੱਜ ਸ਼੍ਰੀ ਕੁਲਵੰਤ ਰਾਏ (ਐੱਸ.ਪੀ.ਐੱਚ), ਸ਼੍ਰੀ ਜਗਦੀਸ਼ ਕੁਮਾਰ (ਡੀ.ਐੱਸ.ਪੀ) ਅਤੇ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ, ਜਿੱਥੇ ਬੂੜਾ ਗੁਜਰ ਰੋਡ ’ਤੇ ਲੀਟਲ ਫਲਾਵਰ ਕਾਨਵੈਂਟ ਸਕੂਲ ਅਤੇ ਡੀ.ਏ.ਵੀ ਸਕੂਲ ਦੇ ਬਾਹਰ ਦੋ ਪਹੀਆ ਅਤੇ ਚਾਰ ਪਹੀਆ ‘ਤੇ ਆਏ ਨਾਬਾਲਿਗ ਵਿਦਿਆਰਥੀਆਂ ਦੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ।
ਇਸ ਮੌਕੇ ’ਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਉਨ੍ਹਾਂ ਵਹੀਕਲਾਂ ਦੇ ਚਲਾਨ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਐੱਸ.ਪੀ ਕੁਲਵੰਤ ਰਾਏ ਨੇ ਦੱਸਿਆ ਕਿ ਪਿਛਲੇ ਦਿਨੀ ਬੂੜਾ ਗੁਜਰ ਰੋਡ ‘ਤੇ ਟ੍ਰੈਫਿਕ ਜਾਮ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਦੇ ਤਹਿਤ ਪੁਲਿਸ ਵੱਲੋਂ ਅੱਜ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾ ਕੇ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨ ਅਤੇ ਬੱਚਿਆ ਨੂੰ ਵਹੀਕਲ ਨਾ ਦੇ ਲਈ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੱਜ ਕੁੱਲ 69 ਵਹੀਕਲਾਂ ਦੇ ਚਲਾਨ ਕੀਤੇ ਗਏ ਅਤੇ 31 ਵਹੀਕਲਾਂ ਦੇ ਕਾਗਜਾਤ ਨਾ ਵਿਖਾਉਣ ਦੇ ਕਾਰਨ ਜ਼ਬਤ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਰੋਜ਼ ਹੀ ਸਕੂਲ ਦੇ ਸਵੇਰ ਦੇ ਸਮੇਂ ਅਤੇ ਛੁੱਟੀ ਦੇ ਸਮੇਂ ਟ੍ਰੈਫਿਕ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਕੂਲ ਵੱਲੋਂ ਆਪਣੇ ਸਟਾਫ਼ ਨੂੰ ਤਇਨਾਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਹੈਲਪ ਲਾਇਨ ਨੰਬਰ 80549-42100 ‘ਤੇ ਫੋਨ ਕਾਲ ਰਾਹੀਂ ਜਾਂ ਵੱਟਸਐੱਪ ਰਾਹੀਂ ਦੇ ਸਕਦੇ ਹੋ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। Author: Malout Live