ਖੇਤੀਬਾੜੀ ਵਿਭਾਗ ਵੱਲੋਂ ਪਿੰਡ ਬਧਾਈ ਵਿਖੇ ਨਰਮੇ ਦੀ ਸੁਚੱਜੀ ਕਾਸ਼ਤ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ
ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਦੇ ਸਹਿਯੋਗ ਨਾਲ ਪਿੰਡ ਬਧਾਈ ਵਿਖੇ ਨਰਮੇ ਦੀ ਕਾਸ਼ਤ ਸਬੰਧੀ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਰਮੇ ਦੀ ਵਿਗਿਆਨਕ ਕਾਸ਼ਤ, ਸੰਤੁਲਿਤ ਖਾਦ ਵਰਤੋਂ, ਹਰੀ ਖਾਦਾਂ ਦੀ ਮਹੱਤਤਾ ਅਤੇ ਕਿਸਾਨ ਭਲਾਈ ਯੋਜਨਾਵਾਂ ਬਾਰੇ ਜਾਣੂੰ ਕਰਵਾਉਣਾ ਸੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਦੇ ਸਹਿਯੋਗ ਨਾਲ ਪਿੰਡ ਬਧਾਈ ਵਿਖੇ ਨਰਮੇ ਦੀ ਕਾਸ਼ਤ ਸਬੰਧੀ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਰਮੇ ਦੀ ਵਿਗਿਆਨਕ ਕਾਸ਼ਤ, ਸੰਤੁਲਿਤ ਖਾਦ ਵਰਤੋਂ, ਹਰੀ ਖਾਦਾਂ ਦੀ ਮਹੱਤਤਾ ਅਤੇ ਕਿਸਾਨ ਭਲਾਈ ਯੋਜਨਾਵਾਂ ਬਾਰੇ ਜਾਣੂੰ ਕਰਵਾਉਣਾ ਸੀ। ਕੈਂਪ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਨਰਮੇ ਦੀਆਂ ਸੁਧਰੀਆਂ ਕਿਸਮਾਂ, ਬਿਜਾਈ ਦੇ ਢੁੱਕਵੇਂ ਸਮੇਂ, ਨਦੀਨਾਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਅਤੇ ਫ਼ਸਲ ਦੇ ਸਮੁੱਚੇ ਪ੍ਰਬੰਧਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਸਿਫ਼ਾਰਸ਼ੀ ਖੇਤੀ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ * ਕੀਤਾ ਤਾਂ ਜੋ ਘੱਟ ਲਾਗਤ ਨਾਲ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ। ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ, ਮਿੱਟੀ ਪਰਖ ਅਤੇ ਹਰੀ ਖਾਦ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕਿਸਾਨਾਂ ਨੂੰ ਦੱਸਿਆ ਗਿਆ ਕਿ ਖਾਦਾਂ ਦੀ ਬੇਲੋੜੀ ਅਤੇ ਅਸੰਤੁਲਿਤ ਵਰਤੋਂ ਮਿੱਟੀ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਦਕਿ ਮਿੱਟੀ ਪਰਖ ਅਧਾਰਿਤ ਖਾਦਾਂ ਦੀ ਵਰਤੋਂ ਨਾਲ ਖਰਚ ਘਟਾਉਣ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਕਾਇਮ ਰੱਖਿਆ ਜਾ ਸਕਦਾ ਹੈ।
ਹਰੀ ਖਾਦ, ਖਾਸ ਕਰਕੇ ਢਾਂਚਾ ਅਤੇ ਸਣ ਦੀ ਵਰਤੋਂ ਨਾਲ ਮਿੱਟੀ ਵਿੱਚ ਜੈਵਿਕ ਮਾਦਾ ਅਤੇ ਨਾਈਟਰੋਜਨ ਦੀ ਮਾਤਰਾ ਵਧਾਉਣ ਸਬੰਧੀ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਨੇ ਕਿੰਨੂ ਫ਼ਸਲ ਵਿੱਚ ਫਲ ਝੜਨ ਦੀ ਸਮੱਸਿਆ, ਇਸਦੇ ਕਾਰਨਾਂ ਅਤੇ ਵਿਗਿਆਨਕ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਗਰਮੀ, ਪਾਣੀ ਦੀ ਘਾਟ, ਪੋਸ਼ਕ ਤੱਤਾਂ ਦੀ ਕਮੀ ਅਤੇ ਅਣਸੁਚੱਜੇ ਪ੍ਰਬੰਧਾਂ ਕਾਰਨ ਕਿੰਨੂ ਵਿੱਚ ਫਲ ਝੜਨ ਦੀ ਸਮੱਸਿਆ ਵਧਦੀ ਹੈ। ਇਸ ਤੋਂ ਇਲਾਵਾ ਉਹਨਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਉਪਲੱਬਧ ਦਾਖਲਾ ਮੌਕਿਆਂ ਅਤੇ ਖੇਤੀ ਸਿੱਖਿਆ ਦੇ ਮਹੱਤਵ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੀ ਸਰਗਰਮ ਭਾਗੀਦਾਰੀ ਕੀਤੀ ਗਈ। ਬਧਾਈ ਸਰਕਲ ਤੋਂ ਏ.ਡੀ.ਓ ਡਾ. ਹਰਮਨਦੀਪ ਸਿੰਘ ਨੇ ਕਿਸਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ, ਸਬਸਿਡੀ ਯੋਜਨਾਵਾਂ ਅਤੇ ਕਿਸਾਨ ਭਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਆਤਮਾ, ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਸਵਰਨਜੀਤ ਸਿੰਘ, ਸਹਾਇਕ ਟੈਕਨਾਲੋਜੀ ਮੈਨੇਜ਼ਰ ਨੇ ਵੀ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਕਿਸਾਨਾਂ ਨੂੰ ਆਤਮਾ ਵੱਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਗਤੀਵਿਧੀਆਂ, ਸਿਖਲਾਈ ਪ੍ਰੋਗਰਾਮਾਂ ਅਤੇ ਖੇਤੀ ਵਿਕਾਸ ਉਪਰਾਲਿਆਂ ਬਾਰੇ ਜਾਣੂੰ ਕਰਵਾਇਆ।
Author : Malout Live



