ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਜਨਤਾ ਕਰੇ ਸਹਿਯੋਗ- ਐੱਸ.ਐੱਸ.ਪੀ ਵਿਜੀਲੈਂਸ ਨਰਿੰਦਰ ਭਾਰਗਵ
ਮਲੋਟ:- ਰਿਸ਼ਵਤਖੋਰੀ ਨੂੰ ੳਦੋ ਹੀ ਜੜੋ ਪੁੱਟਿਆ ਜਾ ਸਕਦਾ ਹੈ ਜਦੋਂ ਆਮ ਜਨਤਾ ਤਹਿ ਦਿਲੋਂ ਇਸ ਨੂੰ ਪੂਰਨ ਰੂਪ ਵਿੱਚ ਖ਼ਤਮ ਕਰਨ ਦੀ ਠਾਣ ਲਵੇ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਐੱਸ.ਐੱਸ.ਪੀ ਵਿਜੀਲੈਂਸ (ਬਠਿੰਡਾ ਜੋਨ) ਡਾ. ਨਰਿੰਦਰ ਭਾਰਗਵ ਨੇ ਅੱਜ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਸਮਰਪਿਤ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫ਼ਤੇ ਤਹਿਤ ਮਨਾਏ ਗਏ ਸੈਮੀਨਾਰ ਦੌਰਾਨ ਕੀਤਾ।
ਜ਼ਿਲ੍ਹਾ ਰੈੱਡ ਕਰਾਸ ਦੇ ਹਾਲ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਭਾਰਗਵ ਨੇ ਦੱਸਿਆ ਕਿ ਉਹ ਅੱਜ ਉੱਚੇਚੇ ਤੌਰ ਤੇ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ (ਡਾਇਰੈਕਟਰ ਵਿਜੀਲੈਂਸ, ਪੰਜਾਬ) ਦੇ ਕਹੇ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਸੀਆਂ ਨੂੰ ਇਹ ਸੁਨੇਹਾ ਦੇਣ ਪਹੁੰਚੇ ਹਨ ਕਿ ਕਿਸੇ ਵੀ ਸਰਕਾਰੀ ਰਿਸ਼ਵਤਖੋਰ ਕਰਮਚਾਰੀ/ਅਧਿਕਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਉਨਾਂ ਆਪਣੇ ਵਿਭਾਗ ਦੇ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਸ ਕੰਮ ਨੂੰ ਕਿੰਨੇ ਦਿਨਾਂ ਵਿੱਚ ਮੁਕੰਮਲ ਕੀਤਾ ਜਾਣਾ ਲਾਜ਼ਮੀ ਹੈ। ਇਸ ਸੈਮੀਨਾਰ ਵਿੱਚ ਸਮੂਹ ਸਰਕਾਰੀ ਵਿਭਾਗਾਂ ਦੇ ਮੁੱਖੀਆਂ, ਆਮ ਲੋਕਾਂ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਐਨ.ਜੀ.ਓਜ਼, ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਡਾ. ਭਾਰਗਵ ਨੇ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਬਿਊਰੋ ਵੱਲੋਂ ਵਿੱਢੀ ਗਈ ਮੁਹਿੰਮ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਕਿਸੇ ਵੀ ਜਾਇਜ ਕੰਮ ਨੂੰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ 0164-2214697 ਅਤੇ 01633-262172 ਨੰਬਰਾਂ ਤੇ ਵਿਜੀਲੈਂਸ ਬਿਊਰ ਦੇ ਨੁਮਾਇੰਦਿਆਂ ਨੂੰ ਇਤਲਾਹ ਦਿੱਤੀ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਏ.ਡੀ.ਸੀ ਰਾਜਦੀਪ ਕੌਰ, ਐੱਸ.ਡੀ.ਐਮ ਸਵਰਨਜੀਤ ਕੌਰ, ਜ਼ਿਲਾ ਕਾਂਗਰਸ ਪ੍ਰਧਾਨ ਹਰਚਰਨ ਸੋਥਾ, ਸਾਬਕਾ ਚੇਅਰਮੈਨ ਮੰਡੀ ਬੋਰਡ ਹਨੀ ਫੱਤਣਵਾਲਾ, S.I ਜਗਸੀਰ ਸਿੰਘ ਅਤੇ ਡੀ.ਪੀ.ਆਰ.ਓ ਗੁਰਦੀਪ ਸਿੰਘ ਮਾਨ ਵੀ ਹਾਜਰ ਸਨ।